
ਫਗਵਾੜਾ ਲਈ 15 ਕਰੋੜ ਰੁਪਏ ਦੇ ਸੜਕੀ ਵਿਕਾਸ ਪ੍ਰੋਜੈਕਟਾਂ ਦਾ ਵੱਡਾ ਤੋਹਫ਼ਾ: ਡਾ. ਰਾਜ ਕੁਮਾਰ ਚੱਬੇਵਾਲ
ਫਗਵਾੜਾ ਵਿੱਚ ਨਵੀਆਂ ਲਿੰਕ ਸੜਕਾਂ, ਚੌੜਾ ਕਰਨ ਅਤੇ ਅਪਗ੍ਰੇਡੇਸ਼ਨ ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ
ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੀਆਂ ਸੜਕਾਂ ਨੂੰ 18 ਫੁੱਟ ਤੱਕ ਕੀਤਾ ਜਾ ਰਿਹਾ ਚੌੜਾ
ਸਾਹਨੀ-ਮਲਿਕਪੁਰ ਲਿੰਕ ਸੜਕ ‘ਤੇ 2.50 ਕਰੋੜ ਰੁਪਏ,ਕਨੈਕਟੀਵਿਟੀ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਕਰੇਗਾ ਪੂਰਾ
ਫਗਵਾੜਾ, 29 ਸਤੰਬਰ: ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਦੇ ਯਤਨਾਂ ਸਦਕਾ, ਪੰਜਾਬ ਸਰਕਾਰ ਨੇ ਫਗਵਾੜਾ ਵਿੱਚ ਕਈ ਵੱਡੇ ਸੜਕੀ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਨਵੀਆਂ ਲਿੰਕ ਸੜਕਾਂ ਦਾ ਨਿਰਮਾਣ, ਮੌਜੂਦਾ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕਰਨਾ, ਅਤੇ ਕਈ ਥਾਵਾਂ ‘ਤੇ ਅਪਗ੍ਰੇਡੇਸ਼ਨ ਅਤੇ ਵਿਸ਼ੇਸ਼ ਮੁਰੰਮਤ ਦੇ ਕੰਮ ਸ਼ਾਮਲ ਹਨ।
ਡਾ. ਚੱਬੇਵਾਲ ਨੇ ਕਿਹਾ ਕਿ ਮਨਜ਼ੂਰਸ਼ੁਦਾ ਕੰਮਾਂ ਵਿੱਚ ਸਾਹਨੀ-ਮਲਿਕਪੁਰ ਲਿੰਕ ਸੜਕ ‘ਤੇ ਇੱਕ ਪੁਲ ਦੇ ਨਿਰਮਾਣ ਤੋਂ ਇਲਾਵਾ, ਫਗਵਾੜਾ-ਨਵਾਂਸ਼ਹਿਰ ਬਾਈਪਾਸ ਤੋਂ ਦਰਸ਼ਨੀ ਡਿਓਢੀ, ਫਗਵਾੜਾ-ਹੁਸ਼ਿਆਰਪੁਰ ਰੋਡ ਤੋਂ ਗੁਰਦੁਆਰਾ ਕੌਲਸਰ ਅਤੇ ਕਿਰਪਾਲਪੁਰ ਤੋਂ ਕੁੱਲਾ ਸ਼ਰੀਫ਼ ਤੱਕ ਨਵੀਆਂ ਲਿੰਕ ਸੜਕਾਂ ਦਾ ਨਿਰਮਾਣ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਇਹ ਨਵੇਂ ਕੰਮ ਪੇਂਡੂ ਖੇਤਰਾਂ ਵਿੱਚ ਸੰਪਰਕ ਨੂੰ ਕਾਫ਼ੀ ਬਿਹਤਰ ਬਣਾਉਣਗੇ ਅਤੇ ਇਨ੍ਹਾਂ ਇਲਾਕਿਆਂ ਤੱਕ ਪਹੁੰਚ ਨੂੰ ਵਧੇਰੇ ਸੁਚਾਰੂ ਅਤੇ ਸੁਰੱਖਿਅਤ ਕਰਨਗੇ।
ਇਨ੍ਹਾਂ ਕੰਮਾਂ ਵਿੱਚ ਥੇਹਸ਼ੇਰਖੰਡੀ-ਗੁਰਦੁਆਰਾ ਬਾਬਾ ਸ਼ੀਸ਼ਾ ਲਿੰਕ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨਾ, ਏਕਤਾ ਰਿਜ਼ੋਰਟ-ਪੀਰ ਪਰਾਣੀਆਂ ਲਿੰਕ ਸੜਕ ਨੂੰ 16 ਫੁੱਟ ਤੱਕ ਚੌੜਾ ਕਰਨਾ, ਅਤੇ ਚਾਚੋਕੀ-ਨੰਗਲ ਖੇੜਾ ਲਿੰਕ ਸੜਕ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਅਤੇ ਮਜ਼ਬੂਤ ਕਰਨਾ ਵੀ ਸ਼ਾਮਲ ਹੈ। ਡੁਮੇਲੀ-ਗੁਰਦੁਆਰਾ ਸਾਹਿਬ ਸੜਕ ਨੂੰ ਵੀ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਅਤੇ ਮਜ਼ਬੂਤ ਕੀਤਾ ਜਾਵੇਗਾ, ਜਦਕਿ ਪਿੰਡ ਪੰਛਟ ਵਿਖੇ ਫਿਰਨੀ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਫਗਵਾੜਾ-ਹੁਸ਼ਿਆਰਪੁਰ ਰੋਡ-ਟਾਂਡਾ ਬਗਾਨਾ ਲਿੰਕ ਸੜਕ ਨੂੰ 18 ਫੁੱਟ ਚੌੜੀ ਸੀਸੀ ਸੜਕ ਵਜੋਂ ਅਪਗ੍ਰੇਡ ਕਰਨਾ, ਫਗਵਾੜਾ-ਨਵਾਂਸ਼ਹਿਰ ਰੋਡ ਤੋਂ ਮਾਈਨਰ (ਸੂਏ) ਵੱਲ ਜਾਂਦੀ ਬਾਈਪਾਸ-ਸੰਤ ਨਿਰੰਕਾਰੀ ਭਵਨ ਲਿੰਕ ਸੜਕ ਦੀ ਵਿਸ਼ੇਸ਼ ਮੁਰੰਮਤ, ਅਤੇ ਰੇਹਾਣਾ ਜੱਟਾ-ਦਸ਼ਮੇਸ਼ ਕਾਲੋਨੀ ਲਿੰਕ ਸੜਕ ਦੀ ਵਿਸ਼ੇਸ਼ ਮੁਰੰਮਤ ਸ਼ਾਮਲ ਹੈ। ਰਾਵਲਪਿੰਡੀ-ਪੰਛਟ ਸੜਕ ਦੀ ਮੁਰੰਮਤ ਨੂੰ ਵੀ ਮਨਜ਼ੂਰਸ਼ੁਦਾ ਸੜਕ ਵਿਕਾਸ ਕਾਰਜਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਡਾ. ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹੇਠਲੇ ਪੱਧਰ ‘ਤੇ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਨੈਕਟੀਵਿਟੀ ਵਿੱਚ ਸੁਧਾਰ ਲਿਆਉਣ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਬਿਹਤਰ ਸੜਕਾਂ ਅਤੇ ਆਧੁਨਿਕ ਨਾਗਰਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਪੰਜਾਬ ਮੰਡੀ ਬੋਰਡ ਦੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਨਿਰਧਾਰਤ ਤਕਨੀਕੀ ਵਿਸ਼ੇਸ਼ਤਾਵਾਂ ਅਤੇ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਹੀ ਮੁਕੰਮਲ ਕੀਤੇ ਜਾਣ। ਉਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਨਿਰਮਾਣ ਕਾਰਜਾਂ ਦੌਰਾਨ ਰਾਹਗੀਰਾਂ ਦੀ ਅਸੁਵਿਧਾ ਨੂੰ ਘੱਟ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ।
ਜ਼ਿਆਦਾਤਰ ਸੜਕਾਂ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਜੋੜਦੀਆਂ ਹਨ
ਡਾ. ਚੱਬੇਵਾਲ ਨੇ ਦੱਸਿਆ ਕਿ ਵਿਕਾਸ ਯੋਜਨਾ ਤਹਿਤ ਆਉਂਦੀਆਂ ਜ਼ਿਆਦਾਤਰ ਸੜਕਾਂ ਫਗਵਾੜਾ ਅਤੇ ਇਸ ਦੇ ਆਸ-ਪਾਸ ਦੇ ਪ੍ਰਮੁੱਖ ਗੁਰਦੁਆਰਿਆਂ, ਮੰਦਰਾਂ, ਸਤਿਸੰਗ ਘਰਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਸਿੱਧਾ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਨੂੰ ਚੌੜਾ ਕੀਤਾ ਜਾਵੇਗਾ, ਜਿਨ੍ਹਾਂ ਵਿੱਚੋਂ ਕਈ ਹਿੱਸਿਆਂ ਨੂੰ 18 ਫੁੱਟ ਤੱਕ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਨਾਲ ਇਨ੍ਹਾਂ ਧਾਰਮਿਕ ਸਥਾਨਾਂ ‘ਤੇ ਆਉਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਵਧੇਰੇ ਸੁਖਾਲੀ ਅਤੇ ਸੁਰੱਖਿਅਤ ਹੋਵੇਗੀ।
ਸਾਹਨੀ-ਮਲਿਕਪੁਰ ਲਿੰਕ ਸੜਕ ‘ਤੇ ਬਣਨ ਵਾਲਾ ਪੁਲ ਆਜ਼ਾਦੀ ਤੋਂ ਬਾਅਦ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਕਰੇਗਾ ਪੂਰਾ
ਡਾ. ਚੱਬੇਵਾਲ ਨੇ ਕਿਹਾ ਕਿ ਸਾਹਨੀ-ਮਲਿਕਪੁਰ ਲਿੰਕ ਸੜਕ ‘ਤੇ ਪੁਲ ਦਾ ਨਿਰਮਾਣ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਦੀ ਆਜ਼ਾਦੀ ਤੋਂ ਬਾਅਦ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪੁਲ 2.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ ਇਸ ਨਾਲ ਆਵਾਜਾਈ ਵਿੱਚ ਕਾਫੀ ਸੁਧਾਰ ਆਵੇਗਾ ਅਤੇ ਸਥਾਨਕ ਨਿਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਇਲਾਕੇ ਦੀ ਇੱਕ ਅਹਿਮ ਬੁਨਿਆਦੀ ਢਾਂਚੇ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਰਾਹਗੀਰਾਂ ਲਈ ਇੱਕ ਵਧੇਰੇ ਸੁਵਿਧਾਜਨਕ ਰਸਤਾ ਪ੍ਰਦਾਨ ਕਰੇਗਾ। ਉਨ੍ਹਾਂ ਫਗਵਾੜਾ ਦੇ ਵਿਕਾਸ ਨੂੰ ਅਣਗੌਲਿਆ ਕਰਨ ਅਤੇ ਸਥਾਨਕ ਨਿਵਾਸੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਲਈ ਪਿਛਲੀਆਂ ਸਰਕਾਰਾਂ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਵਾਰ-ਵਾਰ ਮੰਗਾਂ ਦੇ ਬਾਵਜੂਦ ਸੜਕਾਂ ਅਤੇ ਬੁਨਿਆਦੀ ਢਾਂਚੇ ਦੀਆਂ ਕਈ ਲੋੜਾਂ ਨੂੰ ਅਣਗੌਲਿਆ ਕੀਤਾ ਗਿਆ।
ਬਾਕਸ
ਜ਼ਿਕਰਯੋਗ ਹੈ ਕਿ ਪੰਜਾਬ ਮੰਡੀ ਬੋਰਡ ਨੇ ਇਨ੍ਹਾਂ ਪ੍ਰਮੁੱਖ ਸੜਕੀ ਕਾਰਜਾਂ ਦਾ ਨਿਰਮਾਣ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਇਨ੍ਹਾਂ ਦੇ ਅਮਲ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਇਨ੍ਹਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਯਕੀਨੀ ਬਣਾਇਆ ਜਾ ਸਕੇ।

