ਕਪੂਰਥਲਾ ਦੇ ਸੱਤ ਵਾਰਡਾਂ ਵਿੱਚ ਸੜਕਾਂ ਤੇ ਗਲੀਆਂ ਦੇ ਵਿਕਾਸ ਲਈ 69.78 ਲੱਖ ਰੁਪਏ ਦੇ ਵਰਕ ਆਰਡਰ ਜਾਰੀ

-ਪ੍ਰਾਜੈਕਟਾਂ ਨਾਲ ਸ਼ਹਿਰ ਵਿੱਚ ਸੜਕੀ ਸੰਪਰਕ ਹੋਵੇਗਾ ਬਿਹਤਰ ਅਤੇ ਬੁਨਿਆਦੀ ਸ਼ਹਿਰੀ ਢਾਂਚਾ ਹੋਵੇਗਾ ਮਜ਼ਬੂਤ

ਕਪੂਰਥਲਾ, 25 ਸਤੰਬਰ: ਨਗਰ ਨਿਗਮ ਕਪੂਰਥਲਾ ਵੱਲੋਂ ਸ਼ਹਿਰ ਦੇ ਸੱਤ ਵਾਰਡਾਂ ਵਿੱਚ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਲਈ 69.78 ਲੱਖ ਰੁਪਏ ਦੇ ਵਰਕ ਆਰਡਰ ਜਾਰੀ ਕੀਤੇ ਗਏ ਹਨ। ਇਨ੍ਹਾਂ ਪ੍ਰਾਜੈਕਟਾਂ ਦਾ ਮੁੱਖ ਮਕਸਦ ਸੜਕੀ ਸੰਪਰਕ ਨੂੰ ਬਿਹਤਰ ਬਣਾਉਣਾ, ਵਸਨੀਕਾਂ ਦੀ ਆਵਾਜਾਈ ਨੂੰ ਸੁਖਾਲਾ ਕਰਨਾ ਅਤੇ ਬੁਨਿਆਦੀ ਸ਼ਹਿਰੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਹੈ।

ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਖੇਤਰਾਂ ਦੇ ਵਿਆਪਕ ਅਤੇ ਯੋਜਨਾਬੱਧ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸੇ ਤਹਿਤ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਯੋਜਨਾਬੱਧ ਅਤੇ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।

ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਦੱਸਿਆ ਕਿ ਵਾਰਡ ਨੰਬਰ 10, 12, 13, 31, 47, 48 ਅਤੇ 50 ਵਿੱਚ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਲਈ 69.78 ਲੱਖ ਰੁਪਏ ਦੇ ਵਰਕ ਆਰਡਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਜਲਦ ਹੀ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਨਗਰ ਨਿਗਮ ਵੱਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਰਿਹਾਇਸ਼ੀ ਖੇਤਰਾਂ ਦੀਆਂ ਵਿਕਾਸ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦਾ ਸਿੱਧਾ ਲਾਭ ਵਸਨੀਕਾਂ ਨੂੰ ਮਿਲੇ ਅਤੇ ਰੋਜ਼ਾਨਾ ਦੀਆਂ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਹੋਵੇ।

ਨਗਰ ਨਿਗਮ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਉਸਾਰੀ ਕਾਰਜ ਨਿਰਧਾਰਤ ਵਿਸ਼ੇਸ਼ਤਾਵਾਂ, ਤਕਨੀਕੀ ਮਾਪਦੰਡਾਂ ਅਤੇ ਗੁਣਵੱਤਾ ਦੇ ਨਿਯਮਾਂ ਅਨੁਸਾਰ ਹੀ ਕਰਵਾਏ ਜਾਣ। ਉਨ੍ਹਾਂ ਕੰਮਾਂ ਦੀ ਸ਼ੁਰੂਆਤ ਤੋਂ ਲੈ ਕੇ ਮੁਕੰਮਲ ਹੋਣ ਤੱਕ ਹਰੇਕ ਪੜਾਅ ’ਤੇ ਨਿਯਮਤ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਯਕੀਨੀ ਬਣਾਉਣ ਲਈ ਵੀ ਕਿਹਾ, ਤਾਂ ਜੋ ਕੰਮ ਦੀ ਲੋੜੀਂਦੀ ਗੁਣਵੱਤਾ ਕਾਇਮ ਰਹੇ।

. ਉਨ੍ਹਾਂ ਅਧਿਕਾਰੀਆਂ ਅਤੇ ਫੀਲਡ ਸਟਾਫ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਪ੍ਰਾਜੈਕਟ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ ਅਤੇ ਉਸਾਰੀ ਦੌਰਾਨ ਵਸਨੀਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ।
ਕਿਸੇ ਵੀ ਤਰ੍ਹਾਂ ਦੀ ਮਦਦ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *