ਰੂਸ-ਯੂਕਰੇਨ ਜੰਗ ਵਿਚ 9 ਮਹੀਨੇ ਫਸੇ ਰਹੇ ਪਟਿਆਲਾ ਦੇ ਗਗਨਦੀਪ ਸਿੰਘ ਦੀ ਸੁਰੱਖਿਅਤ ਵਤਨ ਵਾਪਸੀ

-ਸਟੱਡੀ ਵੀਜ਼ੇ ’ਤੇ ਰੂਸ ਗਿਆ ਸੀ ਗਗਨਦੀਪ, ਸਾਥੀਆਂ ਵੱਲੋਂ ਵਧੀਆ ਤਨਖਾਹ ਦਾ ਲਾਲਚ ਦੇ ਕੇ ਰੂਸੀ ਫੌਜ ’ਚ ਭਰਤੀ ਕਰਵਾਉਣ ਦਾ ਦੋਸ਼

ਸੁਲਤਾਨਪੁਰ ਲੋਧੀ(ਕਪੂਰਥਲਾ): ਰੂਸ-ਯੂਕਰੇਨ ਜੰਗ ਦੇ ਵਿਚਕਾਰ ਕਰੀਬ ਨੌਂ ਮਹੀਨੇ ਫਸੇ ਰਹੇ ਪਟਿਆਲਾ ਦੇ ਨੌਜਵਾਨ ਗਗਨਦੀਪ ਸਿੰਘ ਆਖਿਰਕਾਰ ਸੁਰੱਖਿਅਤ ਭਾਰਤ ਵਾਪਸ ਪਰਤ ਆਏ ਹਨ। ਸਟੱਡੀ ਵੀਜ਼ੇ ’ਤੇ ਰੂਸ ਗਏ ਗਗਨਦੀਪ ਨੇ ਦੋਸ਼ ਲਗਾਇਆ ਹੈ ਕਿ ਕੁਝ ਸਾਥੀਆਂ ਨੇ ਕਰੀਬ 2 ਲੱਖ ਰੁਪਏ ਮਹੀਨਾ ਤਨਖਾਹ ਦਾ ਲਾਲਚ ਦੇ ਕੇ ਉਸ ਨੂੰ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੱਤਾ। ਬਾਅਦ ਵਿੱਚ ਟ੍ਰੇਨਿੰਗ ਦੇ ਕੇ ਉਸ ਨੂੰ ਜੰਗ ਦੇ ਮੋਰਚੇ ’ਤੇ ਭੇਜ ਦਿੱਤਾ ਗਿਆ।

ਗਗਨਦੀਪ ਮੁਤਾਬਕ ਉਸ ਨੂੰ ਕਿਹਾ ਗਿਆ ਸੀ ਕਿ ਰੂਸੀ ਫੌਜ ਵਿੱਚ ਉਸ ਤੋਂ ਸਿਰਫ਼ ਬੰਕਰ ਤਿਆਰ ਕਰਨ ਵਰਗਾ ਕੰਮ ਲਿਆ ਜਾਵੇਗਾ, ਪਰ ਕੁਝ ਸਮੇਂ ਬਾਅਦ ਉਸ ਨੂੰ ਸਿੱਧਾ ਫਰੰਟ ਲਾਈਨ ’ਤੇ ਭੇਜ ਦਿੱਤਾ ਗਿਆ। ਜੰਗ ਦੌਰਾਨ ਉਸ ਨੂੰ ਯੂਕਰੇਨ ਦੇ ਅੰਦਰ ਰਾਜਧਾਨੀ ਕੀਵ ਤੱਕ ਵੀ ਲਿਜਾਇਆ ਗਿਆ। ਇਸ ਦੌਰਾਨ ਮਾਈਨ ਧਮਾਕੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਗਿਆ।

-ਮਈ 2025 ਵਿੱਚ ਸਟੱਡੀ ਵੀਜ਼ੇ ’ਤੇ ਗਿਆ ਸੀ ਰੂਸ-

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਮੁਤਾਬਕ ਗਗਨਦੀਪ ਸਿੰਘ ਮਈ 2025 ਵਿੱਚ ਸਟੱਡੀ ਵੀਜ਼ੇ ’ਤੇ ਰੂਸ ਗਿਆ ਸੀ। ਸਤੰਬਰ 2025 ਦੌਰਾਨ ਉਸ ਦੇ ਕੁਝ ਸਾਥੀਆਂ ਨੇ ਉਸ ਨੂੰ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੱਤਾ। ਗਗਨਦੀਪ ਦਾ ਕਹਿਣਾ ਹੈ ਕਿ ਉਸ ਨੂੰ ਚੰਗੀ ਤਨਖਾਹ ਅਤੇ ਮੁਕਾਬਲਤਨ ਸੁਰੱਖਿਅਤ ਕੰਮ ਦਾ ਭਰੋਸਾ ਦਿੱਤਾ ਗਿਆ ਸੀ।

ਗਗਨਦੀਪ ਨੇ ਦੱਸਿਆ ਕਿ ਰੂਸੀ ਫੌਜ ਨਾਲ ਜੋ ਐਗਰੀਮੈਂਟ ਉਸ ਤੋਂ ਸਾਈਨ ਕਰਵਾਇਆ ਗਿਆ, ਉਹ ਰੂਸੀ ਭਾਸ਼ਾ ਵਿੱਚ ਸੀ। ਰੂਸੀ ਭਾਸ਼ਾ ਦੀ ਜਾਣਕਾਰੀ ਨਾ ਹੋਣ ਕਾਰਨ ਉਹ ਦਸਤਾਵੇਜ਼ ਵਿੱਚ ਦਰਜ ਸ਼ਰਤਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ।

-20 ਜਨਵਰੀ 2026 ਨੂੰ ਪਰਿਵਾਰ ਨੇ ਸੀਚੇਵਾਲ ਨਾਲ ਕੀਤਾ ਸੰਪਰਕ-

ਗਗਨਦੀਪ ਦੇ ਪਰਿਵਾਰ ਨੇ 20 ਜਨਵਰੀ 2026 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਤਿੰਨ ਵਾਰ ਪੱਤਰ ਲਿਖੇ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਵੀ ਗਗਨਦੀਪ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਉਠਾਇਆ।

ਉਨ੍ਹਾਂ ਨੇ ਸੰਸਦ ਵਿੱਚ ਵੀ ਰੂਸੀ ਫੌਜ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਉਠਾਏ ਜਾਣ ਦੀ ਗੱਲ ਕਹੀ। ਲਗਾਤਾਰ ਕੀਤੇ ਗਏ ਯਤਨਾਂ ਤੋਂ ਬਾਅਦ ਗਗਨਦੀਪ 26 ਅਗਸਤ 2026 ਨੂੰ ਭਾਰਤ ਵਾਪਸ ਆ ਕੇ ਆਪਣੇ ਪਰਿਵਾਰ ਨਾਲ ਮਿਲ ਸਕਿਆ।

-“ਬੰਕਰ ਬਣਾਉਣ ਲਈ ਕਿਹਾ ਸੀ, ਪਰ ਫਰੰਟ ਲਾਈਨ ’ਤੇ ਭੇਜ ਦਿੱਤਾ”-

ਭਾਰਤ ਵਾਪਸੀ ਤੋਂ ਬਾਅਦ ਗਗਨਦੀਪ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਜੰਗ ਦੇ ਹਾਲਾਤ ਬੇਹੱਦ ਡਰਾਉਣੇ ਸਨ।

ਉਸ ਨੇ ਕਿਹਾ, “ਸਾਨੂੰ ਕਿਹਾ ਗਿਆ ਸੀ ਕਿ ਸਿਰਫ਼ ਬੰਕਰ ਬਣਾਉਣੇ ਹਨ, ਪਰ ਬਾਅਦ ਵਿੱਚ ਸਾਨੂੰ ਫਰੰਟ ਲਾਈਨ ’ਤੇ ਲੜਨ ਲਈ ਭੇਜ ਦਿੱਤਾ ਗਿਆ। ਉੱਥੇ ਹਰ ਸਮੇਂ ਜਾਨ ਦਾ ਖਤਰਾ ਬਣਿਆ ਰਹਿੰਦਾ ਸੀ।”

ਗਗਨਦੀਪ ਮੁਤਾਬਕ ਜੰਗ ਦੌਰਾਨ ਮਾਈਨ ਧਮਾਕੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਉਸ ਸਮੇਂ ਹਾਲਾਤ ਇੰਨੇ ਖਰਾਬ ਸਨ ਕਿ ਉਸ ਨੇ ਆਪਣੇ ਪਰਿਵਾਰ ਕੋਲ ਵਾਪਸ ਪਰਤਣ ਦੀ ਉਮੀਦ ਤੱਕ ਛੱਡ ਦਿੱਤੀ ਸੀ।

-ਰੂਸੀ ਬੈਂਕ ਖਾਤੇ ਵਿੱਚ ਫਸੀ ਤਨਖਾਹ-

ਗਗਨਦੀਪ ਨੇ ਦੱਸਿਆ ਕਿ ਰੂਸੀ ਫੌਜ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਿਲਣ ਵਾਲੀ ਤਨਖਾਹ ਉਸ ਦੇ ਰੂਸੀ ਬੈਂਕ ਖਾਤੇ ਵਿੱਚ ਜਮ੍ਹਾਂ ਹੁੰਦੀ ਰਹੀ, ਪਰ ਉਹ ਇਹ ਰਕਮ ਭਾਰਤ ਟਰਾਂਸਫਰ ਨਹੀਂ ਕਰ ਸਕਿਆ। ਉਸ ਦੇ ਮੁਤਾਬਕ, ਭਰਤੀ ਸਮੇਂ ਜਿਸ ਤਨਖਾਹ ਦਾ ਵਾਅਦਾ ਕੀਤਾ ਗਿਆ ਸੀ, ਉਸ ਦਾ ਵੀ ਉਹ ਪੂਰਾ ਲਾਭ ਨਹੀਂ ਲੈ ਸਕਿਆ।

-“ਮੈਨੂੰ ਲੱਗਿਆ ਸੀ ਕਿ ਸ਼ਾਇਦ ਕਦੇ ਘਰ ਨਹੀਂ ਪਰਤ ਸਕਾਂਗਾ”-

ਗਗਨਦੀਪ ਨੇ ਕਿਹਾ ਕਿ ਕਈ ਮਹੀਨਿਆਂ ਤੱਕ ਉਹ ਅਜਿਹੇ ਹਾਲਾਤਾਂ ਵਿੱਚ ਰਿਹਾ ਜਿੱਥੇ ਹਰ ਪਲ ਜਾਨ ਦਾ ਖਤਰਾ ਬਣਿਆ ਰਹਿੰਦਾ ਸੀ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸ ਨੂੰ ਲੱਗਿਆ ਕਿ ਸ਼ਾਇਦ ਉਹ ਕਦੇ ਆਪਣੇ ਪਰਿਵਾਰ ਕੋਲ ਵਾਪਸ ਨਹੀਂ ਪਰਤ ਸਕੇਗਾ।

ਭਾਰਤ ਵਾਪਸ ਆਉਣ ’ਤੇ ਗਗਨਦੀਪ ਨੇ ਸੰਤ ਬਲਬੀਰ ਸਿੰਘ ਸੀਚੇਵਾਲ, ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਲਗਾਤਾਰ ਕੀਤੇ ਗਏ ਯਤਨਾਂ ਕਾਰਨ ਹੀ ਉਸ ਦੀ ਸੁਰੱਖਿਅਤ ਵਤਨ ਵਾਪਸੀ ਸੰਭਵ ਹੋ ਸਕੀ।

-ਨੌਜਵਾਨਾਂ ਨੂੰ ਰੂਸੀ ਫੌਜ ਵਿੱਚ ਜਾਣ ਤੋਂ ਕੀਤਾ ਸਾਵਧਾਨ-

ਗਗਨਦੀਪ ਨੇ ਦਾਅਵਾ ਕੀਤਾ ਕਿ ਰੂਸੀ ਫੌਜ ਨਾਲ ਜੁੜੇ ਕਈ ਭਾਰਤੀ ਅਤੇ ਪੰਜਾਬੀ ਨੌਜਵਾਨ ਅਜੇ ਵੀ ਉੱਥੇ ਫਸੇ ਹੋਏ ਹਨ। ਉਸ ਦੇ ਮੁਤਾਬਕ ਜੰਗ ਦੌਰਾਨ ਕੁਝ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ 50 ਤੋਂ ਵੱਧ ਨੌਜਵਾਨ ਅਜੇ ਵੀ ਉੱਥੇ ਫਸੇ ਹੋ ਸਕਦੇ ਹਨ। ਉਸ ਨੇ ਭਾਰਤ ਸਰਕਾਰ ਨੂੰ ਅਜਿਹੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਤੇਜ਼ੀ ਨਾਲ ਯਤਨ ਕਰਨ ਦੀ ਅਪੀਲ ਕੀਤੀ।

ਗਗਨਦੀਪ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਵਿਦੇਸ਼ ਜਾਣ ਜਾਂ ਰੂਸੀ ਫੌਜ ਵਿੱਚ ਨੌਕਰੀ ਦੇ ਲਾਲਚ ਵਿੱਚ ਕਿਸੇ ਟਰੈਵਲ ਏਜੰਟ ਜਾਂ ਵਿਚੋਲੇ ਦੇ ਝਾਂਸੇ ਵਿੱਚ ਨਾ ਆਉਣ। ਕਿਸੇ ਵੀ ਦਸਤਾਵੇਜ਼ ’ਤੇ ਦਸਤਖਤ ਕਰਨ ਤੋਂ ਪਹਿਲਾਂ ਉਸ ਦੀਆਂ ਸ਼ਰਤਾਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਜੇਕਰ ਦਸਤਾਵੇਜ਼ ਕਿਸੇ ਅਜਿਹੀ ਭਾਸ਼ਾ ਵਿੱਚ ਹੋਵੇ ਜਿਸ ਦੀ ਉਨ੍ਹਾਂ ਨੂੰ ਜਾਣਕਾਰੀ ਨਾ ਹੋਵੇ ਤਾਂ ਪੂਰੀ ਜਾਣਕਾਰੀ ਲਏ ਬਿਨਾਂ ਉਸ ’ਤੇ ਦਸਤਖਤ ਨਾ ਕਰਨ।

Leave a Reply

Your email address will not be published. Required fields are marked *