

-ਥਾਣਾ ਤਲਵੰਡੀ ਚੌਧਰੀਆਂ ‘ਚ ਅੱਠ ਆਰੋਪੀਆਔ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ
ਸੁਲਤਾਨਪੁਰ ਲੋਧੀ(ਕਪੂਰਥਲਾ) : ਜ਼ਿਲ੍ਹਾ ਕਪੂਰਥਲਾ ਦੇ ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਖੇਤਰ ਪਿੰਡ ਖਿਜਰਪੁਰ ਨੇੜੇ ਐਡਵਾਂਸ ਧੁੱਸੀ ਬੰਨ ‘ਤੇ ਦਰੀਆ ਲਾਗੇ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੀ ਟੀਮ ਨੇ ਸਾਂਝੇ ਤੌਰ ‘ਤੇ ਛਾਪੇਮਾਰੀ ਕਰਕੇ ਨਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਟੀਮ ਨੇ ਮੌਕੇ ਤੋਂ ਰੇਤ ਨਾਲ ਭਰੇ ਅਤੇ ਖਾਲੀ ਟਿੱਪਰਾਂ ਸਮੇਤ ਭਾਰੀ ਮਸ਼ੀਨਰੀ ਜ਼ਬਤ ਕੀਤੀ ਹੈ। ਟੀਮ ਵਲੋਂ ਇਕ ਆਰੋਪੀ ਮਾਈਕਲ ਵਾਸੀ ਪਿੰਡ ਲੰਮਾ ਜਿਲ੍ਹਾ ਜਲੰਧਰ ਨੂੰ ਕਾਬੂ ਕੀਤਾ ਹੈ। ਜਦਕਿ ਬਾਕੀ ਸੱਤ ਅਣਪਛਾਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

### ਕੀ ਹੈ ਪੂਰਾ ਮਾਮਲਾ?
ਮਿਲੀ ਜਾਣਕਾਰੀ ਅਨੁਸਾਰ 17 ਅਕਤੂਬਰ 2026 ਨੂੰ ਮੁੱਖ ਇੰਜੀਨੀਅਰ ਜਲ ਨਿਕਾਸ-ਕਮ-ਮਾਈਨਿੰਗ ਐਂਡ ਜਿਲੋਜੀ ਜਲ ਸਰੋਤ ਵਿਭਾਗ ਵਲੋਂ SDO ਫਿਲੌਰ ਉਪਮੰਡਲ ਜਸਵੀਰ ਸਿੰਘ, JE ਅਸ਼ਵਨੀ ਕੁਮਾਰ, JE ਤਰਨਜੀਤ ਸਿੰਘ ਅਤੇ DSP ਅਮਰਬੀਰ ਸਿੰਘ ਆਧਾਰਿਤ ਗਠਿਤ ਇਕ ਸਪੈਸ਼ਲ ਫਲਾਇੰਗ ਸਕੈੱਡ ਟੀਮ ਵਲੋਂ ਥਾਣਾ ਤਲਵੰਡੀ ਚੌਧਰੀਆਂ ਦੀ SHO ਇੰਸਪੈਕਟਰ ਸੋਨਮਦੀਪ ਕੌਰ ਤੇ ਪੁਲਿਸ ਪਾਰਟੀ ਨਾਲ ਮਿਲ ਕੇ ਖਿਜਰਪੁਰ ਨੇੜੇ ਬਣੇ ਐਡਵਾਂਸ ਬੰਧ ਕੋਲ ਛਾਪਾ ਮਾਰਿਆ। ਚੈਕਿੰਗ ਦੌਰਾਨ ਟੀਮ ਵਲੋਂ ਮੌਕੇ ਤੋਂ ਕੁੱਲ 06 ਟਿੱਪਰ (ਜਿਨ੍ਹਾਂ ਵਿੱਚੋਂ 02 ਰੇਤ ਨਾਲ ਭਰੇ ਅਤੇ 04 ਖਾਲੀ ਸਨ), 01 ਪੋਕਲੈਨ ਮਸ਼ੀਨ ਅਤੇ 01 ਸੋਨਾਲੀਕਾ ਟਰੈਕਟਰ ਕਬਜ਼ੇ ਵਿੱਚ ਲਏ ਗਏ। ਮੌਕੇ ‘ਤੇ ਮੌਜੂਦ ਵਾਹਨਾਂ ਦੇ ਚਾਲਕ ਰੇਤ ਦੀ ਨਿਕਾਸੀ ਜਾਂ ਮਾਈਨਿੰਗ ਸਬੰਧੀ ਕੋਈ ਵੀ ਅਧਿਕਾਰਤ ਮਨਜ਼ੂਰੀ ਜਾਂ ਪਰਮਿਟ ਪੇਸ਼ ਨਹੀਂ ਕਰ ਸਕੇ। ਟੀਮ ਨੇ ਵੇਖਿਆ ਕਿ ਦਰਿਆ ਦੇ ਨੇੜੇ ਗੈਰ-ਕਾਨੂੰਨੀ ਢੰਗ ਨਾਲ ਵੱਡੇ ਪੱਧਰ ‘ਤੇ ਰੇਤ ਦੀ ਨਿਕਾਸੀ ਕੀਤੀ ਜਾ ਰਹੀ ਸੀ ਅਤੇ ਕਈ ਥਾਵਾਂ ‘ਤੇ ਤਾਜ਼ਾ ਰੇਤ ਵੀ ਕੱਢਿਆ ਗਿਆ ਸੀ। ਪ੍ਰਸ਼ਾਸਨਿਕ ਟੀਮ ਅਤੇ ਪੁਲਿਸ ਨੇ ਮੌਕੇ ਤੋਂ ਜ਼ਬਤ ਕੀਤੇ ਗਏ ਸਾਰੇ ਵਾਹਨਾਂ (ਟਿੱਪਰ, ਪੋਕਲੈਨ ਮਸ਼ੀਨ ਅਤੇ ਟਰੈਕਟਰ) ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਥਾਣਾ ਤਲਵੰਡੀ ਚੌਧਰੀਆਂ ਦੇ ਹਵਾਲੇ ਕਰ ਦਿੱਤਾ। ਟੀਮ ਦੇ ਮੌਕੇ ਤੇ ਪਹੁੰਚਦੇ ਹੀ ਜਬਤ ਕੀਤੇ ਵਾਹਨਾਂ ਦੇ ਸੱਤ ਅਣਪਛਾਤੇ ਵਿਅਕਤੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਹੇ।

ASP ਸੁਲਤਾਨਪੁਰ ਲੋਧੀ IPS ਧੀਰੇਂਦਰ ਵਰਮਾ ਅਤੇ ਥਾਣਾ ਤਲਵੰਡੀ ਚੌਧਰੀਆਂ ਦੀ SHO ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ‘ਤੇ ਮਾਈਨਿੰਗ ਐਂਡ ਮਿਨਰਲ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ 1957 ਦੀ ਧਾਰਾ 21(1) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਵਾਹਨਾਂ ਦੇ ਮਾਲਕਾਂ, ਡਰਾਈਵਰਾਂ ਅਤੇ ਫਰਾਰ ਆਰੋਪੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। SHO ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਕਿਸੇ ਤਰ੍ਹਾਂ ਦਾ ਸਿਆਸੀ ਕਨੇਕਸ਼ਨ ਸਾਹਮਣੇ ਨਹੀਂ ਆਇਆ ਹੈ।

