SDM ਫਗਵਾੜਾ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਪਿੰਡਾਂ ਦੇ ਸਰਪੰਚਾਂ ਤੇ ਨੰਬਰਦਾਰਾਂ ਨਾਲ ਮੀਟਿੰਗ

-ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਣ ਸੰਭਾਲ ਲਈ ਸਹਿਯੋਗ ਦੀ ਅਪੀਲ

ਫਗਵਾੜਾ,6 ਅਕਤੂਬਰ: ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਉਦੇਸ਼ ਨਾਲ ਐਸ.ਡੀ.ਐਮ. ਫਗਵਾੜਾ ਡਾ.ਨਵਜੋਤ ਸ਼ਰਮਾ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਚਾਇਤ ਤੇ ਦਿਹਾਤੀ ਵਿਕਾਸ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਸਬ-ਡਵੀਜ਼ਨ ਫਗਵਾੜਾ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਅਤੇ ਨੰਬਰਦਾਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।

ਐਸ.ਡੀ.ਐਮ. ਡਾ.ਨਵਜੋਤ ਸ਼ਰਮਾ ਨੇ ਸਰਪੰਚਾਂ ਅਤੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰਨ ਅਤੇ ਪਿੰਡ ਪੱਧਰ ‘ਤੇ ਨਿਗਰਾਨੀ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਾਲੀ ਨੂੰ ਅੱਗ ਲਗਾਉਣਾ ਕਾਨੂੰਨੀ ਤੌਰ ‘ਤੇ ਅਪਰਾਧ ਹੈ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਮੀਟਿੰਗ ਵਿੱਚ ਬਲਾਕ ਖੇਤੀਬਾੜੀ ਅਧਿਕਾਰੀ ਪਰਮਜੀਤ ਸਿੰਘ ਮਹੇ ਨੇ ਪਰਾਲੀ ਪ੍ਰਬੰਧਨ ਦੀਆਂ ਆਧੁਨਿਕ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਮਲਚਰ, ਰੋਟਾਵੇਟਰ, ਐਮ.ਬੀ. ਪਲਾਓ ਅਤੇ ਬੇਲਰ ਵਰਗੀਆਂ ਮਸ਼ੀਨਾਂ ਰਾਹੀਂ ਪਰਾਲੀ ਨੂੰ ਖੇਤ ਵਿੱਚ ਹੀ ਮਿਲਾ ਕੇ ਜਾਂ ਖੇਤ ਵਿੱਚੋਂ ਬਾਹਰ ਕੱਢ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਨ੍ਹਾਂ ਤਕਨੀਕਾਂ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਜੈਵਿਕ ਮਾਦਾ ਵਧਦਾ ਹੈ ਅਤੇ ਲੰਮੇ ਸਮੇਂ ਵਿੱਚ ਖਾਦਾਂ ਦੀ ਲੋੜ ਵੀ ਘਟਦੀ ਹੈ। ਕਿਸਾਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਸਰਕਾਰ ਵੱਲੋਂ ਸਬਸਿਡੀ ‘ਤੇ ਉਪਲਬਧ ਖੇਤੀ ਮਸ਼ੀਨਰੀ ਕਿਸਾਨ ਸਹਿਕਾਰੀ ਸਭਾਵਾਂ, ਕਸਟਮ ਹਾਇਰਿੰਗ ਸੈਂਟਰਾਂ ਅਤੇ ਵਿਅਕਤੀਗਤ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਲੋੜਵੰਦ ਕਿਸਾਨ ਇਸ ਦਾ ਲਾਭ ਲੈ ਸਕਦੇ ਹਨ।

ਬੀਡੀਪੀਓ ਲਖਵਿੰਦਰ ਕਲੇਰ ਨੇ ਸਰਪੰਚਾਂ ਨੂੰ ਪਿੰਡ ਪੱਧਰ ‘ਤੇ ਪੰਚਾਇਤਾਂ ਰਾਹੀਂ ਮਤੇ ਪਾਸ ਕਰਨ, ਕਿਸਾਨਾਂ ਨੂੰ ਮਸ਼ੀਨਰੀ ਦੀ ਸਾਂਝੀ ਵਰਤੋਂ ਲਈ ਉਤਸ਼ਾਹਿਤ ਕਰਨ ਅਤੇ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡ ਪਰਾਲੀ ਨੂੰ ਅੱਗ ਨਾ ਲਗਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ, ਉਨ੍ਹਾਂ ਨੂੰ ਹੋਰਨਾਂ ਪਿੰਡਾਂ ਲਈ ਮਿਸਾਲ ਵਜੋਂ ਪੇਸ਼ ਕੀਤਾ ਜਾਵੇਗਾ।
ਐਸ.ਡੀ.ਐਮ. ਫਗਵਾੜਾ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਜਾਂ ਤਕਨੀਕੀ ਜਾਣਕਾਰੀ ਸਬੰਧੀ ਮੁਸ਼ਕਲ ਆਉਣ ‘ਤੇ ਉਹ ਆਪਣੇ ਨਜ਼ਦੀਕੀ ਖੇਤੀਬਾੜੀ ਦਫ਼ਤਰ ਜਾਂ ਸਬੰਧਤ ਪਿੰਡ ਦੇ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਸਾਫ਼-ਸੁਥਰਾ ਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਸਰਪੰਚ, ਨੰਬਰਦਾਰ, ਖੇਤੀਬਾੜੀ ਵਿਭਾਗ ਅਤੇ ਪੰਚਾਇਤ ਤੇ ਦਿਹਾਤੀ ਵਿਕਾਸ ਵਿਭਾਗ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਰਪੰਚਾਂ ਤੇ ਨੰਬਰਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਕੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੂਰਨ ਸਹਿਯੋਗ ਦੇਣਗੇ।

Leave a Reply

Your email address will not be published. Required fields are marked *