ਅਮਰੀਕਾ ਤੋਂ ਦੋ ਮਹੀਨੇ ਪਹਿਲਾਂ ਹੀ ਪਰਤੇ ਨੌਜਵਾਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

-ਨਡਾਲਾ-ਬੇਗੋਵਾਲ ਰੋਡ ’ਤੇ KTM ਤੇ ਧਾਨ ਦੀਆਂ ਬੋਰੀਆਂ ਨਾਲ ਲੱਦੇ ਟਰੱਕ ਦੀ ਟੱਕਰ, 26 ਸਾਲਾ ਮਨਪ੍ਰੀਤ ਸਿੰਘ ਨੇ ਮੌਕੇ ’ਤੇ ਤੋੜਿਆ ਦਮ

ਕਪੂਰਥਲਾ: ਨਡਾਲਾ-ਬੇਗੋਵਾਲ ਰੋਡ ’ਤੇ ਦਿਆਲ ਸਿੰਘ ਟਿੰਬਰ ਸਟੋਰ ਨੇੜੇ ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ KTM ਮੋਟਰਸਾਈਕਲ ਅਤੇ ਧਾਨ ਦੀਆਂ ਬੋਰੀਆਂ ਨਾਲ ਲੱਦੇ ਟਰੱਕ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ ਮੋਟਰਸਾਈਕਲ ਸਵਾਰ 26 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਤਲਵੰਡੀ ਕੂਕਾ ਵਜੋਂ ਹੋਈ ਹੈ।

ਨਡਾਲਾ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਡਾਲਾ-ਬੇਗੋਵਾਲ ਰੋਡ ’ਤੇ ਟਰੱਕ ਨੰਬਰ PB-11-AM-6550 ਅਤੇ KTM ਮੋਟਰਸਾਈਕਲ ਨੰਬਰ PB-70-F-2286 ਦੀ ਟੱਕਰ ਹੋ ਗਈ ਹੈ। ਟਰੱਕ ਸੈਲਰ ਤੋਂ ਧਾਨ ਦੀਆਂ ਬੋਰੀਆਂ ਲੱਦ ਕੇ ਜਾ ਰਿਹਾ ਸੀ, ਜਦਕਿ ਮਨਪ੍ਰੀਤ ਸਿੰਘ ਨਡਾਲਾ ਤੋਂ ਆਪਣੇ ਪਿੰਡ ਤਲਵੰਡੀ ਕੂਕਾ ਵੱਲ ਜਾ ਰਿਹਾ ਸੀ।

ਹਾਦਸੇ ਦੌਰਾਨ ਮਨਪ੍ਰੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਪੁਲਿਸ ਨੇ ਟਰੱਕ ਅਤੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

-ਦੋ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਪਰਤਿਆ ਸੀ ਮਨਪ੍ਰੀਤ-

ਪਿੰਡ ਤਲਵੰਡੀ ਕੂਕਾ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਪਿੰਡ ਆਇਆ ਸੀ। ਨੌਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਹਾਦਸੇ ਦੇ ਅਸਲ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਜ਼ਿੰਮੇਵਾਰ ਟਰੱਕ ਚਾਲਕ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *