
ਕਪੂਰਥਲਾ, 25 ਸਤੰਬਰ 2026: ਟਿੱਬਾ ਸਹਿਕਾਰੀ ਸਭਾ ਵਿਖੇ ਅੱਜ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਣ, ਮਿੱਟੀ ਦੀ ਸਿਹਤ ਅਤੇ ਮਨੁੱਖੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਸ੍ਰੀ ਜਸਜੀਤ ਸਿੰਘ ਅਤੇ ਏ.ਆਰ. ਕੋਆਪਰੇਟਿਵ ਸ੍ਰੀ ਮਨਮੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਉਪਲਬਧ ਵਿਗਿਆਨਕ ਤਰੀਕਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਦੱਸਿਆ ਗਿਆ ਕਿ ਟਿੱਬਾ ਸਹਿਕਾਰੀ ਸਭਾ ਕੋਲ ਕੁੱਲ 24 ਖੇਤੀਬਾੜੀ ਮਸ਼ੀਨਰੀ/ਸੰਦ ਉਪਲਬਧ ਹਨ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਸਾਰੇ ਖੇਤੀ ਸੰਦ ਉਪਲਬਧ ਹਨ। ਕਿਸਾਨ ਇਨ੍ਹਾਂ ਸੰਦਾਂ ਦਾ ਲਾਭ ਲੈ ਕੇ ਪਰਾਲੀ ਨੂੰ ਬਿਨਾਂ ਸਾੜੇ ਖੇਤ ਵਿੱਚ ਹੀ ਸੰਭਾਲ ਸਕਦੇ ਹਨ।
ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਸਹਿਕਾਰੀ ਸਭਾ ਵੱਲੋਂ ਉਪਲਬਧ ਕਰਵਾਈ ਜਾ ਰਹੀ ਖੇਤੀਬਾੜੀ ਮਸ਼ੀਨਰੀ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ

