ਕਪੂਰਥਲਾ ‘ਚ ਲਾਵਾਰਸ ਕੁੱਤੇ ਦਾ ਆਤੰਕ, 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਬਣਾਇਆ ਨਿਸ਼ਾਨਾ

ਮਾਰਕਫੈੱਡ ਨੇੜਲੇ ਇਲਾਕੇ ‘ਚ ਕਾਲੇ ਰੰਗ ਦੇ ਲਾਵਾਰਸ ਕੁੱਤੇ ਨੇ ਕੀਤਾ ਹਮਲਾ, ਜ਼ਖ਼ਮੀਆਂ ਦਾ ਸਿਵਲ ਹਸਪਤਾਲ ‘ਚ ਇਲਾਜ ਜਾਰੀ

ਕਪੂਰਥਲਾ: ਸ਼ਹਿਰ ਦੇ ਮਾਰਕਫੈੱਡ ਨੇੜਲੇ ਮੁਹੱਲਿਆਂ ਵਿੱਚ ਇੱਕ ਲਾਵਾਰਸ ਕੁੱਤੇ ਵੱਲੋਂ 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਿਊਟੀ ਡਾਕਟਰ ਜਸ਼ਨ ਅਤੇ ਡਾ. ਯੁਕਤਾ ਨੇ ਦੱਸਿਆ ਕਿ ਮਾਰਕਫੈੱਡ ਦੇ ਨੇੜਲੇ ਇਲਾਕਿਆਂ ਵਿੱਚ ਕਾਲੇ ਰੰਗ ਦੇ ਇੱਕ ਲਾਵਾਰਸ ਕੁੱਤੇ ਨੇ ਬੱਚਿਆਂ ਅਤੇ ਵੱਡਿਆਂ ਸਮੇਤ ਕਈ ਲੋਕਾਂ ‘ਤੇ ਹਮਲਾ ਕਰ ਦਿੱਤਾ। ਕੁੱਤੇ ਦੇ ਹਮਲੇ ਵਿੱਚ ਵਰੁਣਜੋਤ ਸਿੰਘ (3 ਸਾਲ), ਸੱਤਿਅਮ (4 ਸਾਲ), ਅਭੀਨੂਰ ਸਿੰਘ (8 ਸਾਲ), ਰੇਹੂ ਕੁਮਾਰੀ (ਸਾਢੇ 3 ਸਾਲ) ਅਤੇ ਮੋਨੂੰ ਕੁਮਾਰ (9 ਸਾਲ) ਸਮੇਤ 6 ਬੱਚੇ ਜ਼ਖ਼ਮੀ ਹੋਏ ਹਨ।

ਇਸ ਤੋਂ ਇਲਾਵਾ ਰੀਨਾ ਦੇਵੀ ਪਤਨੀ ਰਾਮ ਬਾਊ ਨਾਥ, ਬਜ਼ੁਰਗ ਰਜਿੰਦਰ ਕੌਰ, ਸੰਜੀਵ ਕੁਮਾਰ, ਧਰਮਿੰਦਰ ਕੁਮਾਰ, ਅਰਵਿੰਦਰ ਮਾਥੋ, ਰਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਰਜਿੰਦਰ ਕੌਰ ਪਤਨੀ ਹਰਜਿੰਦਰ ਸਿੰਘ, ਰਾਜਵਿੰਦਰ ਕੌਰ ਅਤੇ ਮੁੱਤੀ ਦੇਵੀ ਸਮੇਤ ਹੋਰ ਵਿਅਕਤੀ ਵੀ ਕੁੱਤੇ ਦੇ ਹਮਲੇ ਦਾ ਸ਼ਿਕਾਰ ਹੋਏ।

ਪਰਿਵਾਰਕ ਮੈਂਬਰਾਂ ਵੱਲੋਂ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਵੱਧ ਰਹੇ ਲਾਵਾਰਸ ਕੁੱਤਿਆਂ ਦੀ ਸਮੱਸਿਆ ‘ਤੇ ਤੁਰੰਤ ਕਾਬੂ ਪਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ।

ਇਸ ਸਬੰਧੀ ਨਗਰ ਨਿਗਮ ਦੇ ਐਸ.ਓ. ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਹਮਲਾ ਕਰਨ ਵਾਲੇ ਕੁੱਤੇ ਨੂੰ ਕਾਬੂ ਕਰਨ ਲਈ ਟੀਮ ਭੇਜ ਦਿੱਤੀ ਗਈ ਹੈ।

Leave a Reply

Your email address will not be published. Required fields are marked *