ਕਪੂਰਥਲਾ: ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ (ਵਰਕਰ ਕਲੱਬ) ਵਿੱਚ ਚੱਲ ਰਹੀ ਗਗਨ ਬੈਡਮਿੰਟਨ ਅਕੈਡਮੀ ਦੇ ਖਿਡਾਰੀਆਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਖੇ 29 ਤੋਂ 31 ਅਗਸਤ ਤੱਕ ਹੋਈ ਕਪੂਰਥਲਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੰਡਰ-11 ਤੋਂ ਲੈ ਕੇ ਅੰਡਰ-19, ਸੀਨੀਅਰ ਅਤੇ 35+ ਉਮਰ ਵਰਗ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਦੇ ਖਿਡਾਰੀਆਂ ਨੇ ਕੁੱਲ 38 ਤਗ਼ਮੇ ਜਿੱਤ ਕੇ ਰੇਲ ਕੋਚ ਫੈਕਟਰੀ (ਆਰ.ਸੀ.ਐੱਫ.) ਅਤੇ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਵੱਕਾਰੀ ਚੈਂਪੀਅਨਸ਼ਿਪ ਵਿੱਚ ਅਕੈਡਮੀ ਦੇ ਪ੍ਰਤਿਭਾਵਾਨ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਗ਼ਮਾ ਜੇਤੂਆਂ ਵਿੱਚ ਦੈਵਿਆ ਕੌਰਾ (ਸੋਨ ਤੇ ਚਾਂਦੀ), ਅਗਮਜੋਤ ਕੌਰ (ਸੋਨ), ਅੱਕਸ (ਚਾਂਦੀ), ਕੇਵਲਿਨ ਕੌਰ (ਸੋਨ ਤੇ ਚਾਂਦੀ), ਸ਼ਰੁਤੀ ਠਾਕੁਰ (ਚਾਂਦੀ), ਰਹਿਤਮਾਨ ਵਿਰਦੀ (ਸੋਨ ਤੇ ਚਾਂਦੀ), ਸ਼ੁਭ ਕਰਮਨ ਸਿੰਘ (ਚਾਂਦੀ), ਵਿਹਾਨ (ਸੋਨ), ਸ਼ੌਮਿਕ ਗੁਪਤਾ (ਚਾਂਦੀ), ਮੇਧਾਂਸ਼ (ਸੋਨ ਤੇ ਚਾਂਦੀ), ਪ੍ਰਿਯੰਕਾ (ਚਾਂਦੀ), ਨਿਮਰਤ (ਸੋਨ ਤੇ ਚਾਂਦੀ), ਆਰਵ ਚੱਢਾ (ਸੋਨ), ਅਗਮਜੋਤ ਸਿੰਘ ਅਤੇ ਹਰਕੀਰਤ ਸਿੰਘ (ਚਾਂਦੀ), ਆਰਵੀ (ਸੋਨ), ਵਿਧੀ (ਚਾਂਦੀ), ਅਨੁਰਾਗ ਪਟੇਲ ਅਤੇ ਮਨਵੀਰ ਸਿੰਘ (ਚਾਂਦੀ), ਮਨਪ੍ਰੀਤ ਸਿੰਘ (ਚਾਂਦੀ) ਅਤੇ ਨਿਸ਼ਾਦ ਕੌਰਾ (ਚਾਂਦੀ) ਸ਼ਾਮਲ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੇ ਵੱਖ-ਵੱਖ ਸਿੰਗਲਜ਼, ਡਬਲਜ਼ ਅਤੇ ਮਿਕਸਡ ਡਬਲਜ਼ ਸ਼੍ਰੇਣੀਆਂ ਵਿੱਚ ਸ਼ਾਨਦਾਰ ਤਗ਼ਮੇ ਹਾਸਲ ਕੀਤੇ ਹਨ।
ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ (ਵਰਕਰ ਕਲੱਬ) ਦੇ ਸਕੱਤਰ ਭਰਤ ਰਾਜ ਨੇ ਇਸ ਇਤਿਹਾਸਕ ਸਫ਼ਲਤਾ ‘ਤੇ ਖੁਸ਼ੀ ਪ੍ਰਗਟ ਕਰਦਿਆਂ ਸਾਰੇ ਜੇਤੂ ਖਿਡਾਰੀਆਂ ਅਤੇ ਕੋਚ ਗਗਨਦੀਪ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਖਾਸ ਤੌਰ ‘ਤੇ ਜ਼ਿਕਰ ਕੀਤਾ ਕਿ ਕਲੱਬ ਕੰਪਲੈਕਸ ਵਿੱਚ ਬਣੇ ਆਧੁਨਿਕ ਬੈਡਮਿੰਟਨ ਹਾਲ ਅਤੇ ਵਰਕਰ ਕਲੱਬ ਕਮੇਟੀ ਦੇ ਪੂਰਨ ਸਹਿਯੋਗ ਤੇ ਸਮਰਪਣ ਕਾਰਨ ਹੀ ਖਿਡਾਰੀਆਂ ਨੂੰ ਵਧੀਆ ਅਭਿਆਸ ਦਾ ਮਾਹੌਲ ਮਿਲ ਰਿਹਾ ਹੈ, ਜਿਸ ਨਾਲ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ। ਅਕੈਡਮੀ ਦੇ ਕੋਚ ਗਗਨਦੀਪ ਸਿੰਘ ਨੇ ਵੀ ਬੱਚਿਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਨਿਯਮਤ ਅਭਿਆਸ ਨੂੰ ਦਿੱਤਾ ਹੈ।
ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਆਰ.ਸੀ.ਐੱਫ., ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ , ਮਾਪਿਆਂ ਅਤੇ ਇਲਾਕੇ ਦੇ ਖੇਡ ਪ੍ਰੇਮੀਆਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ। ਵਰਕਰ ਕਲੱਬ ਦਾ ਇਹ ਬੈਡਮਿੰਟਨ ਹਾਲ ਨੌਜਵਾਨ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾ ਅਤੇ ਗਗਨਦੀਪ ਬੈਡਮਿੰਟਨ ਅਕੈਡਮੀ ਦੇ ਖਿਡਾਰੀਆਂ ਨੇ ਕਪੂਰਥਲਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਗੱਡੇ ਝੰਡੇ, ਜਿੱਤੇ 38 ਤਗ਼ਮੇ

