
-ਸੁਲਤਾਨਪੁਰ ਲੋਧੀ ਵੱਲੋਂ 100% ਐਸ.ਆਈ.ਆਰ.ਕਾਰਜ ਮੁਕੰਮਲ ਕਰਨ ਦੀ ਸ਼ਲਾਘਾ; ਹੋਰ ਈ.ਆਰ.ਓਜ਼ ਨੂੰ 8 ਅਕਤੂਬਰ ਤੱਕ ਕੰਮ ਪੂਰਾ ਕਰਨ ਦੀ ਹਦਾਇਤ
-ਜ਼ੋਰ ਦਿੱਤਾ ਕਿ ਕੋ ਵੀ ਯੋਗ ਨਾਗਰਿਕ ਵੋਟਰ ਸੂਚੀਆਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ; ਪਹਿਲੀ ਵਾਰ ਵੋਟਰ ਬਣਨ ਵਾਲੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ ‘ਤੇ ਵਿਸ਼ੇਸ਼ ਧਿਆਨ
ਫਗਵਾੜਾ, 29 ਸਤੰਬਰ: ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਕਪੂਰਥਲਾ ਜ਼ਿਲ੍ਹੇ ਦੇ ਚੋਣ ਰੋਲ ਆਬਜ਼ਰਵਰ ਰਾਹੁਲ ਭੰਡਾਰੀ ਨੇ ਅੱਜ ਚੱਲ ਰਹੀਆਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਇੱਕ ਵਿਸਥਾਰਿਤ ਮੀਟਿੰਗ ਕੀਤੀ।
ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਹੁਲ ਭੰਡਾਰੀ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਦੇ ਨਾਲ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਐਸ.ਆਈ.ਆਰ.2026 ਤਹਿਤ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਤੋਂ ਜਾਰੀ ਕੀਤੇ ਗਏ ਨੋਟਿਸਾਂ, ਕੀਤੀਆਂ ਗਈਆਂ ਸੁਣਵਾਈਆਂ, ਦਸਤਾਵੇਜ਼ਾਂ ਦੀ ਪੜਤਾਲ, ਬੂਥ ਲਵਲ ਅਫ਼ਸਰਾਂ ਵੱਲੋਂ ਅਪਲੋਡ ਕੀਤੇ ਪੱਤਰਾਂ, ਅਯੋਗ ਵੋਟਰਾਂ ਦੀ ਪਛਾਣ ਅਤੇ ਸੁਧਾਈ ਮੁਹਿੰਮ ਦੇ ਹੋਰ ਸਬੰਧਤ ਪਹਿਲੂਆਂ ਬਾਰੇ ਫੀਡਬੈਕ ਹਾਸਲ ਕੀਤੀ।
ਚੋਣ ਰੋਲ ਆਬਜ਼ਰਵਰ ਨੇ ਜ਼ੋਰ ਦੇ ਕੇ ਕਿਹਾ ਕਿ ਐਸ.ਆਈ.ਆਰ ਮੁਹਿੰਮ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵੋਟਰ ਸੂਚੀਆਂ ਸਹੀ ਤੇ ਅੱਪਡੇਟ ਰਹਿਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀਆਂ ਤੋਂ ਬਾਹਰ ਨਾ ਰਹੇ ਅਤੇ ਹਰ ਯੋਗ ਬਿਨੈਕਾਰ ਨੂੰ ਨਿਰਧਾਰਤ ਪ੍ਰਕਿਰਿਆ ਅਨੁਸਾਰ ਬਣਦਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ।
ਫਾਰਮ ਨੰ 6 ਅਤੇ ਹੋਰਨਾਂ ਰਾਹੀਂ ਦਾਖਲ ਕੀਤੀਆਂ ਅਰਜ਼ੀਆਂ ਦੀ ਸਥਿਤੀ ਦੀ ਸਮੀਖਿਆ ਕਰਦਿਆਂ, ਚੋਣ ਰੋਲ ਆਬਜ਼ਰਵਰ ਨੇ ਈ.ਆਰ.ਓਜ਼ ਅਤੇ ਏ.ਈ.ਆਰ.ਓਜ਼. ਨੂੰ ਹਦਾਇਤ ਕੀਤੀ ਕਿ ਯੋਗ ਵਿਅਕਤੀਆਂ ਦੀਆਂ ਅਰਜ਼ੀਆਂ ਨੂੰ ਬਿਨਾਂ ਕਿਸੇ ਠੋਸ ਅਤੇ ਜਾਇਜ਼ ਆਧਾਰ ਦੇ ਰੱਦ ਨਾ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਰਧਾਰਤ ਦਸਤਾਵੇਜ਼ਾਂ ਅਤੇ ਯੋਗਤਾ ਸ਼ਰਤਾਂ ਦੀ ਸਹੀ ਪੜਤਾਲ ਤੋਂ ਬਾਅਦ ਹਰ ਅਰਜ਼ੀ ਦੀ ਸਹੀ ਤੌਰ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨੋਟਿਸਾਂ ਅਤੇ ਇਤਰਾਜ਼ਾਂ ਦਾ ਸਮੇਂ ਸਿਰ ਨਿਪਟਾਰਾ ਕਰਨ, ਦਸਤਾਵੇਜ਼ਾਂ ਦੀ ਪੜਤਾਲ ਪੂਰੀ ਕਰਨ ਅਤੇ ਵੋਟਰ ਸੂਚੀ ਸੁਧਾਈ ਪ੍ਰਣਾਲੀ ‘ਤੇ ਸਾਰੀ ਸੰਬੰਧਿਤ ਜਾਣਕਾਰੀ ਅੱਪਡੇਟ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਮੀਨੀ ਪੱਧਰ ‘ਤੇ ਨੇੜਿਓਂ ਨਿਗਰਾਨੀ ਰੱਖਣ ਦੀ ਮੰਗ ਵੀ ਕੀਤੀ ਤਾਂ ਜੋ ਲੰਬਿਤ ਕੇਸਾਂ ਦਾ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਨਿਪਟਾਰਾ ਕੀਤਾ ਜਾ ਸਕੇ।
ਮੀਟਿੰਗ ਦੌਰਾਨ, ਆਬਜ਼ਰਵਰ ਨੇ ਈ.ਆਰ.ਓ. ਸੁਲਤਾਨਪੁਰ ਲੋਧੀ ਜਸਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ 8 ਅਕਤੂਬਰ ਤੋਂ ਕਾਫ਼ੀ ਪਹਿਲਾਂ SIR ਅਭਿਆਸ ਨੂੰ 100 ਫੀਸਦੀ ਪੂਰਾ ਕਰਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਟੀਚਾ ਪ੍ਰਾਪਤ ਕਰਨ ਵਿੱਚ ਚੋਣ ਅਧਿਕਾਰੀਆਂ ਅਤੇ ਖੇਤਰੀ ਅਮਲੇ ਦੇ ਤਾਲਮੇਲ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਬਾਕੀ ਵਿਧਾਨ ਸਭਾ ਹਲਕਿਆਂ ਦੀਆਂ ਟੀਮਾਂ ਨੂੰ ਵੀ ਇਸੇ ਪਹੁੰਚ ਨੂੰ ਅਪਣਾਉਣ ਅਤੇ ਆਪਣੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਹੋਰ ਸਾਰੇ EROs ਨੂੰ ਹਦਾਇਤ ਕੀਤੀ ਕਿ ਉਹ ਬਕਾਇਆ SIR ਕਾਰਜ ਨੂੰ ਜਲਦੀ ਤੋਂ ਜਲਦੀ ਅਤੇ 8 ਅਕਤੂਬਰ, 2026 ਦੀ ਨਿਰਧਾਰਤ ਅੰਤਿਮ ਮਿਤੀ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰਨ। ਉਨ੍ਹਾਂ ਮੁਹਿੰਮ ਦੀ ਪ੍ਰਗਤੀ ਦੀ ਨਿਯਮਤ ਨਿਗਰਾਨੀ ਕਰਨ ਦੀ ਮੰਗ ਕੀਤੀ ਅਤੇ ਅਧਿਕਾਰੀਆਂ ਨੂੰ ਲੰਬਿਤ ਪੜਤਾਲ ਅਤੇ ਸੁਣਵਾਈ ਦੇ ਮਾਮਲਿਆਂ ਨੂੰ ਪਹਿਲ ਦੇਣ ਦੀ ਹਦਾਇਤ ਕੀਤੀ।
ਚੋਣ ਰੋਲ ਆਬਜ਼ਰਵਰ ਨੇ ਦੁਹਰਾਇਆ ਕਿ SIR ਮੁਹਿੰਮ ਦਾ ਉਦੇਸ਼ ਵੋਟਰ ਸੂਚੀਆਂ ਵਿੱਚ ਸਾਰੇ ਯੋਗ ਨਾਗਰਿਕਾਂ ਦੇ ਨਾਮ ਸ਼ਾਮਲ ਕਰਕੇ ਚੋਣ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਹੈ ਅਤੇ ਨਾਲ ਹੀ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਖਾਮੀਆਂ ਨੂੰ ਦੂਰ ਕਰਨਾ ਹੈ। ਉਨ੍ਹਾਂ ਸਾਰੇ ਹਿੱਸੇਦਾਰਾਂ, ਜਿਸ ਵਿੱਚ ਰਾਜਨੀਤਿਕ ਪਾਰਟੀਆਂ ਅਤੇ ਨਾਗਰਿਕ ਸ਼ਾਮਲ ਹਨ, ਨੂੰ ਅਪੀਲ ਕੀਤੀ ਕਿ ਉਹ ਸੁਧਾਈ ਮੁਹਿੰਮ ਨੂੰ ਸਫ਼ਲਤਾਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਅਧਿਕਾਰੀਆਂ ਦਾ ਸਹਿਯੋਗ ਕਰਨ।
ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਐਸ.ਆਈ.ਆਰ-2026 ਦੀ ਪ੍ਰਗਤੀ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਅਤੇ ਮੁਹਿੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ।

