
ਕਪੂਰਥਲਾ,1 ਅਕਤੂਬਰ: ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਵਿੱਚ ਮ੍ਰਿਤਕ ਦੇਹਾਂ ਨੂੰ ਸੁਰੱਖਿਅਤ ਰੱਖਣ ਦੀ ਸਹੂਲਤ ਨੂੰ ਬਿਹਤਰ ਬਣਾਉਣ ਲਈ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵੱਲੋਂ ਰੈੱਡ ਕਰਾਸ ਰਾਹੀਂ 6 ਨਵੇਂ ਡੀਪ ਫ੍ਰੀਜ਼ਰ ਮੁਹੱਈਆ ਕਰਵਾਏ ਗਏ ਹਨ।
ਇਸ ਸਬੰਧੀ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਅੰਨੂ ਸ਼ਰਮਾ ਅਤੇ ਸਿਵਲ ਹਸਪਤਾਲ ਕਪੂਰਥਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪਰਮਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮੋਰਚਰੀ ਨੂੰ ਨਵੇਂ ਡੀਪ ਫ੍ਰੀਜ਼ਰ ਦੀ ਲੋੜ ਸੀ। ਇਸ ਸਬੰਧੀ ਡਿਪਟੀ ਕਮਿਸ਼ਨਰ ਦੇ ਸਿਵਲ ਹਸਪਤਾਲ ਦੇ ਦੌਰੇ ਦੌਰਾਨ ਨੋਟਿਸ ਲੈਂਦਿਆਂ ਤੁਰੰਤ ਰੈੱਡ ਕਰਾਸ ਰਾਹੀਂ 6 ਨਵੇਂ ਡੀਪ ਫ੍ਰੀਜ਼ਰ ਖਰੀਦਣ ਲਈ ਫੰਡ ਮੁਹੱਈਆ ਕਰਵਾਏ।
ਉਨ੍ਹਾਂ ਦੱਸਿਆ ਕਿ ਨਵੇਂ ਡੀਪ ਫ੍ਰੀਜ਼ਰ ਉਪਲਬਧ ਹੋਣ ਨਾਲ ਹੁਣ ਮੋਰਚਰੀ ਵਿੱਚ ਇੱਕੋ ਸਮੇਂ 6 ਮ੍ਰਿਤਕ ਦੇਹਾਂ ਨੂੰ ਸੁਰੱਖਿਅਤ ਰੱਖਣ ਦੀ ਸਹੂਲਤ ਉਪਲਬਧ ਹੋਵੇਗੀ।

