Big News-ਪਿੰਡ ਹੁਸੈਨਪੁਰ ਦੂਲੋਵਾਲ ’ਚ ਲਾਸ਼ ਦਫਨਾਉਣ ਨੂੰ ਲੈ ਕੇ ਭਖਿਆ ਵਿਵਾਦ, ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਕੀਤਾ ਵਿਰੋਧ

-ਵਾਲਮੀਕੀ ਸਮਾਜ ਦੇ ਧਾਰਮਿਕ ਡੇਰੇ ’ਚ ਲਾਸ਼ ਦਫਨਾਉਣ ’ਤੇ ਲੋਕਾਂ ਨੇ ਕੀਤਾ ਘਰਾਓ, ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੰਭਾਲੀ ਸਥਿਤੀ

ਕਪੂਰਥਲਾ। ਸੁਲਤਾਨਪੁਰ ਲੋਧੀ ਹਲਕੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਦੂਲੋਵਾਲ ਵਿੱਚ ਵਾਲਮੀਕੀ ਸਮਾਜ ਨਾਲ ਸਬੰਧਤ ਬਾਬਾ ਗਿਆਨ ਨਾਥ ਦੇ ਧਾਰਮਿਕ ਆਸ਼ਰਮ/ਡੇਰੇ ਵਿੱਚ ਇੱਕ ਵਿਅਕਤੀ ਦੀ ਲਾਸ਼ ਦਫਨਾਉਣ ਨੂੰ ਲੈ ਕੇ ਵਿਵਾਦ ਭਖ ਗਿਆ। ਲਾਸ਼ ਦਫਨਾਏ ਜਾਣ ਦੀ ਸੂਚਨਾ ਮਿਲਣ ’ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਇਸ ਦਾ ਵਿਰੋਧ ਕਰਦਿਆਂ ਘਰਾਓ ਕਰ ਦਿੱਤਾ।
ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਗਈ ਕਿ ਡੇਰੇ ਵਿੱਚ ਲਾਸ਼ ਦਫਨਾਉਣ ਸਬੰਧੀ ਸਥਿਤੀ ਸਪੱਸ਼ਟ ਕੀਤੀ ਜਾਵੇ। ਇਸ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ।
ਮਾਮਲੇ ਸਬੰਧੀ ASP ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ ਨੇ ਦੱਸਿਆ ਕਿ ਪਿੰਡ ਹੁਸੈਨਪੁਰ ਦੂਲੋਵਾਲ ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦਾ ਹੈ। ਇੱਥੇ ਵਾਲਮੀਕੀ ਸਮਾਜ ਨਾਲ ਸਬੰਧਤ ਬਾਬਾ ਗਿਆਨ ਨਾਥ ਦਾ ਧਾਰਮਿਕ ਆਸ਼ਰਮ/ਡੇਰਾ ਸਥਿਤ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਡੇਰੇ ਵਿੱਚ ਸੇਵਾਦਾਰ ਵਜੋਂ ਰਹਿੰਦੇ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਲਾਸ਼ ਨੂੰ ਡੇਰੇ ਵਿੱਚ ਹੀ ਦਫਨਾਇਆ ਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ASP ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਧਾਰਾ 145 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸਡੀਐਮ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਮਾਮਲੇ ਨੂੰ ਪ੍ਰਸ਼ਾਸਨਿਕ ਪੱਧਰ ’ਤੇ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਪੁਲਿਸ ਨੇ ਪਿੰਡ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਅਤੇ ਮਾਮਲੇ ਨੂੰ ਪ੍ਰਸ਼ਾਸਨਿਕ ਤੇ ਕਾਨੂੰਨੀ ਪ੍ਰਕਿਰਿਆ ਰਾਹੀਂ ਹੱਲ ਹੋਣ ਦੇਣ ਲਈ ਕਿਹਾ।
ਫਿਲਹਾਲ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਦੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਮਾਮਲੇ ਵਿੱਚ ਅਗਲੀ ਕਾਰਵਾਈ ਪ੍ਰਸ਼ਾਸਨਿਕ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਦੇ ਆਧਾਰ ’ਤੇ ਕੀਤੀ ਜਾਵੇਗੀ।

Leave a Reply

Your email address will not be published. Required fields are marked *