ਦੀਵਾਲੀ ਤੋਂ ਪਹਿਲਾਂ ਪਟਾਖਿਆਂ ਨਾਲ ਜੁੜੀ ਅਹਿਮ ਖਬਰ, ਬਸ ਇਹ ਲੋਕ ਵੇਚ ਸਕਣਗੇ ਪਟਾਖੇ

-ਸਿਰਫ਼ ਲਾਇਸੈਂਸਧਾਰੀ ਵਪਾਰੀ ਹੀ ਵੇਚ ਸਕਣਗੇ ਮਨਜ਼ੂਰਸ਼ੁਦਾ ਗ੍ਰੀਨ ਪਟਾਕੇ : DC
-ਨਿਰਧਾਰਤ ਥਾਵਾਂ ’ਤੇ ਹੀ ਹੋਵੇਗੀ ਗ੍ਰੀਨ ਪਟਾਕਿਆਂ ਦੀ ਵਿਕਰੀ ਤੇ ਵਰਤੋਂ, ਆਨਲਾਈਨ ਵਿਕਰੀ ’ਤੇ ਪਾਬੰਦੀ

ਕਪੂਰਥਲਾ, 5 ਅਕਤੂਬਰ: ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਿਰਫ਼ ਵੈਧ ਲਾਇਸੈਂਸ ਵਾਲੇ ਵਪਾਰੀਆਂ ਨੂੰ ਹੀ ਨਿਰਧਾਰਤ ਥਾਵਾਂ ’ਤੇ ਮਨਜ਼ੂਰਸ਼ੁਦਾ ਗ੍ਰੀਨ ਪਟਾਕੇ ਵੇਚਣ ਦੀ ਇਜਾਜ਼ਤ ਹੋਵੇਗੀ। ਬਿਨਾਂ ਲਾਇਸੈਂਸ ਕਿਸੇ ਵੀ ਵਿਅਕਤੀ ਨੂੰ ਪਟਾਕਿਆਂ ਦੀ ਵਿਕਰੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਵੀ ਨਿਰਧਾਰਤ ਸਮੇਂ ਅਤੇ ਥਾਵਾਂ ’ਤੇ ਹੀ ਕੀਤੀ ਜਾ ਸਕੇਗੀ।

ਡਿਪਟੀ ਕਮਿਸ਼ਨਰ ਨੇ ਲਾਇਸੈਂਸਧਾਰੀ ਵਪਾਰੀਆਂ ਨੂੰ ਨਿਰਧਾਰਤ ਸ਼ੋਰ ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮਨਜ਼ੂਰਸ਼ੁਦਾ ਡੈਸੀਬਲ ਸੀਮਾ ਤੋਂ ਵੱਧ ਸ਼ੋਰ ਪੈਦਾ ਕਰਨ ਵਾਲੇ ਕਿਸੇ ਵੀ ਪਟਾਕੇ ਨੂੰ ਸਟੋਰ ਕਰਨ, ਪ੍ਰਦਰਸ਼ਿਤ ਕਰਨ ਜਾਂ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋੜੇ ਵਾਲੇ ਪਟਾਕਿਆਂ, ਜਿਨ੍ਹਾਂ ਵਿੱਚ ਜੁਆਇੰਟ ਕਰੈਕਰ ਅਤੇ ਲੜੀਆਂ ਸ਼ਾਮਲ ਹਨ, ਦੀ ਨਿਰਮਾਣ, ਭੰਡਾਰਨ, ਵੰਡ, ਵਿਕਰੀ ਅਤੇ ਵਰਤੋਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਸਿਰਫ਼ ਉਹੀ ਗ੍ਰੀਨ ਪਟਾਕੇ ਵੇਚਣ ਅਤੇ ਚਲਾਉਣ ਦੀ ਆਗਿਆ ਹੋਵੇਗੀ, ਜਿਨ੍ਹਾਂ ਵਿੱਚ ਬੇਰੀਅਮ ਸਾਲਟ ਜਾਂ ਐਂਟੀਮਨੀ, ਲਿਥੀਅਮ, ਪਾਰਾ, ਆਰਸੇਨਿਕ, ਲੀਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਦੇ ਯੋਗਿਕ ਮੌਜੂਦ ਨਾ ਹੋਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਮਾਜ਼ੋਨ, ਫਲਿੱਪਕਾਰਟ ਸਮੇਤ ਕਿਸੇ ਵੀ ਈ-ਕਾਮਰਸ ਵੈੱਬਸਾਈਟ ਜਾਂ ਆਨਲਾਈਨ ਪਲੇਟਫਾਰਮ ਰਾਹੀਂ ਪਟਾਕਿਆਂ ਦੇ ਆਨਲਾਈਨ ਆਰਡਰ ਜਾਂ ਵਿਕਰੀ ’ਤੇ ਵੀ ਪਾਬੰਦੀ ਰਹੇਗੀ।

ਇਨ੍ਹਾਂ ਮੌਕਿਆਂ ’ਤੇ ਹੀ ਚੱਲ ਸਕਣਗੇ ਗ੍ਰੀਨ ਪਟਾਕੇ

ਦੀਵਾਲੀ, 8 ਨਵੰਬਰ 2026 (ਐਤਵਾਰ): ਰਾਤ 8 ਵਜੇ ਤੋਂ 10 ਵਜੇ ਤੱਕ

ਗੁਰਪੁਰਬ, 24 ਨਵੰਬਰ 2026 (ਮੰਗਲਵਾਰ): ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ

ਕ੍ਰਿਸਮਸ ਈਵ, 25-26 ਦਸੰਬਰ 2026 (ਸ਼ੁੱਕਰਵਾਰ-ਸ਼ਨੀਵਾਰ): ਰਾਤ 11:55 ਵਜੇ ਤੋਂ 12:30 ਵਜੇ ਤੱਕ

ਨਵੇਂ ਸਾਲ ਦੀ ਰਾਤ, 31 ਦਸੰਬਰ 2026-1 ਜਨਵਰੀ 2027 (ਵੀਰਵਾਰ-ਸ਼ੁੱਕਰਵਾਰ): ਰਾਤ 11:55 ਵਜੇ ਤੋਂ 12:30 ਵਜੇ ਤੱਕ

ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਿਲ੍ਹੇ ਭਰ ਵਿੱਚ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਾਤਾਵਰਣ ਸੁਰੱਖਿਆ ਐਕਟ, 1986 ਦੀ ਧਾਰਾ 15, ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 223 ਅਤੇ ਹੋਰ ਲਾਗੂ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਨੂੰ ਜ਼ਿੰਮੇਵਾਰੀ ਨਾਲ ਮਨਾਉਂਦੇ ਹੋਏ ਨਿਰਧਾਰਤ ਪਾਬੰਦੀਆਂ ਦੀ ਪਾਲਣਾ ਕਰਨ ਤਾਂ ਜੋ ਜਨਤਕ ਸੁਰੱਖਿਆ ਅਤੇ ਵਾਤਾਵਰਣ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ।

Leave a Reply

Your email address will not be published. Required fields are marked *