
-ਜਮਸ਼ੇਦਪੁਰ ਤੋਂ ਇਸ ਗੱਡੀ ਰਾਹੀਂ ਸਿੱਖ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਉਂਦੀਆਂ ਹਨ ਦਰਸ਼ਨਾਂ ਵਾਸਤੇ
ਜਮਸ਼ੇਦਪੁਰ: ਟਾਟਾਨਗਰ ਸਟੇਸ਼ਨ ਤੋਂ ਚੱਲਣ ਵਾਲੀ ਟਾਟਾ ਅੰਮ੍ਰਿਤਸਰ ਟਾਟਾ ਜਾਲ੍ਹਿਆਂਵਾਲਾ ਬਾਗ (18103-18104) ਟ੍ਰੇਨ ਨੂੰ ਲਗਾਤਾਰ ਪੰਜਵੇਂ ਸੀਜ਼ਨ ਵਿੱਚ ਧੁੰਦ ਦਾ ਹਵਾਲਾ ਦੇ ਕੇ ਰੱਦ ਕੀਤੇ ਜਾਣ ਕਾਰਨ ਜਮਸ਼ੇਦਪੁਰ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਫ਼ੈਸਲੇ ਦੇ ਵਿਰੋਧ ਵਿੱਚ ਸਾਕਚੀ ਸਥਿਤ ਕੇਂਦਰੀ ਗੁਰਦੁਆਰਾ ਕਮੇਟੀ (CGPC) ਦੇ ਦਫ਼ਤਰ ਵਿਖੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਇੱਕ ਹੰਗਾਮੀ ਸਰਬਦਲੀ ਬੈਠਕ ਕੀਤੀ ਗਈ। ਬੈਠਕ ਵਿੱਚ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕਰਕੇ ਰੇਲਵੇ ਦੇ ਇਸ ਫ਼ੈਸਲੇ ਖ਼ਿਲਾਫ਼ ਇੱਕਜੁਟ ਹੋ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ।ਬੈਠਕ ਨੂੰ ਸੰਬੋਧਨ ਕਰਦਿਆਂ ਸੀ.ਜੀ.ਪੀ.ਸੀ. ਦੇ ਪ੍ਰਧਾਨ ਭਗਵਾਨ ਸਿੰਘ ਨੇ ਕਿਹਾ ਕਿ ਰੇਲਵੇ ਵੱਲੋਂ ਸਿੱਖਾਂ ਨਾਲ ਲਗਾਤਾਰ ਪੱਖਪਾਤ ਵਾਲਾ ਅਤੇ ਸੌਤੇਲਾ ਵਿਵਹਾਰ ਕੀਤਾ ਜਾ ਰਿਹਾ ਹੈ, ਜੋ ਹੁਣ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਰੇਲਵੇ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਉਹ ਟ੍ਰੇਨਾਂ ਰੋਕਣ ਅਤੇ ਜੇਲ੍ਹ ਜਾਣ ਤੋਂ ਵੀ ਪਿੱਛੇ ਨਹੀਂ ਹਟਣਗੇ। ਕਮੇਟੀ ਦੇ ਮਹਾਸਕੱਤਰ ਅਮਰਜੀਤ ਸਿੰਘ ਨੇ ਕਿਹਾ ਕਿ ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਵਿੱਚ ਸ਼ਹੀਦੀ ਹਫ਼ਤੇ ਵਜੋਂ ਮਨਾਇਆ ਜਾਂਦਾ ਹੈ ਅਤੇ ਇਸੇ ਮਹੀਨੇ ਸੰਗਤਾਂ ਸ਼ਹਾਦਤ ਦਿਵਸ ‘ਤੇ ਪੰਜਾਬ ਦੇ ਸਰਹੰਦ ਜਾਂਦੀਆਂ ਹਨ। ਅਜਿਹੇ ਸਮੇਂ ਟ੍ਰੇਨ ਰੱਦ ਕਰਨਾ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ।ਇਸ ਮੌਕੇ ਬੈਠਕ ਵਿੱਚ ਹਾਜ਼ਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਨੇ ਕੇਂਦਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਇਸ ਜਨ-ਸਮੱਸਿਆ ਦੀ ਲੜਾਈ ਵਿੱਚ ਕਾਂਗਰਸ ਪਾਰਟੀ ਵੱਲੋਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਸੀ.ਜੀ.ਪੀ.ਸੀ. ਦੇ ਚੇਅਰਮੈਨ ਸਰਦਾਰ ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਸਥਾਨਕ ਸੰਸਦ ਮੈਂਬਰ ਬਿਦਯੁਤ ਬਰਨ ਮਹਤੋ ਨੇ ਵੀ ਇਸ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ ਹੈ। ਰਣਨੀਤੀ ਤਹਿਤ ਸੋਮਵਾਰ ਨੂੰ ਟਾਟਾਨਗਰ ਆ ਰਹੇ ਦੱਖਣ ਪੂਰਵ ਰੇਲਵੇ ਦੇ ਉਪ ਮਹਾਪ੍ਰਬੰਧਕ ਮਨੀਸ਼ ਜੈਨ ਅੱਗੇ ਇਹ ਮੁੱਦਾ ਰੱਖਿਆ ਜਾਵੇਗਾ ਅਤੇ 7 ਅਕਤੂਬਰ ਨੂੰ ਇੱਕ ਉੱਚ-ਪੱਧਰੀ ਪ੍ਰਤੀਨਿਧ ਮੰਡਲ ਚੱਕਰਧਰਪੁਰ ਮੰਡਲ ਦੇ ਡੀ.ਆਰ.ਐਮ. ਤਰੁਣ ਹੁਰੀਆ ਨਾਲ ਮੁਲਾਕਾਤ ਕਰੇਗਾ। ਜੇਕਰ ਫਿਰ ਵੀ ਟ੍ਰੇਨ ਬਹਾਲ ਨਾ ਹੋਈ, ਤਾਂ ਦੁਰਗਾ ਪੂਜਾ ਤੋਂ ਬਾਅਦ ਤਿੱਖਾ ਧਰਨਾ-ਪ੍ਰਦਰਸ਼ਨ ਅਤੇ ਚੱਕਾ ਜਾਮ ਕੀਤਾ ਜਾਵੇਗਾ।

