ਪਰਾਲੀ ਸਾੜਨ ਦੀ ਬਜਾਏ ਵਿਗਿਆਨਕ ਪ੍ਰਬੰਧਨ ਅਪਣਾ ਕੇ ਵਾਤਾਵਰਣ ਤੇ ਮਿੱਟੀ ਦੀ ਸਿਹਤ ਬਚਾਉਣ ਕਿਸਾਨ: SDM

ਕਪੂਰਥਲਾ:ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ, ਕਿਸਾਨਾਂ ਨੂੰ ਪਰਾਲੀ ਦੇ ਵਿਗਿਆਨਕ ਤੇ ਸੁਚੱਜੇ ਪ੍ਰਬੰਧਨ ਲਈ ਪ੍ਰੇਰਿਤ ਕਰਨ ਅਤੇ ਆਧੁਨਿਕ ਖੇਤੀ ਮਸ਼ੀਨਰੀ ਤੇ ਤਕਨੀਕਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਬਲਾਕ ਕਪੂਰਥਲਾ ਦੇ ਪਿੰਡ ਖੇੜਾ ਦੋਨਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਕਾਸ਼ ਬਾਂਸਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ  ਮੁੱਖ ਖੇਤੀਬਾੜੀ ਅਫਸਰ ਸ੍ਰੀ ਜਸਵਿੰਦਰ ਸਿੰਘ ਦੇ ਹੁਕਮਾਂ ਤਹਿਤ ਸਹਿਕਾਰੀ ਸਭਾ ਖੇੜਾ ਦੋਨਾਂ ਵਿਖੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ  ਐੱਸ.ਡੀ.ਐੱਮ. ਕਪੂਰਥਲਾ ਡਾ ਇਰਵਿਨ ਕੌਰ, ਡੀ.ਐੱਸ.ਪੀ. ਸ੍ਰੀ ਸ਼ੀਤਲ ਸਿੰਘ ਸ਼ਾਮਿਲ ਹੋਏ।

ਐੱਸ.ਡੀ.ਐੱਮ. ਡਾ ਇਰਵਿਨ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਇਸ ਦਾ ਵਿਗਿਆਨਕ ਢੰਗ ਨਾਲ ਪ੍ਰਬੰਧਨ ਕੀਤਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਅਤੇ ਸਹਿਕਾਰੀ ਸਭਾਵਾਂ ਨਾਲ ਸੰਪਰਕ ਕਰਕੇ ਪਰਾਲੀ ਪ੍ਰਬੰਧਨ ਲਈ ਉਪਲਬਧ ਮਸ਼ੀਨਰੀ ਸਬੰਧੀ ਜਾਣਕਾਰੀ ਲੈਣ ਦੀ ਅਪੀਲ ਕੀਤੀ।

ਡੀ.ਐੱਸ.ਪੀ. ਸ੍ਰੀ ਸ਼ੀਤਲ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ ਅਤੇ ਲੋਕਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਵਿੱਚ ਸਹਿਯੋਗ ਦੇਣ ਲਈ ਕਿਹਾ।

ਬਲਾਕ ਖੇਤੀਬਾੜੀ ਅਫਸਰ ਸ੍ਰੀ ਗੁਰਵਿੰਦਰ ਸਿੰਘ ਸੰਧੂ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀਆਂ ਵੱਖ-ਵੱਖ ਵਿਗਿਆਨਕ ਤਕਨੀਕਾਂ ਅਤੇ ਉਪਲਬਧ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਦੀ ਹੈ ਅਤੇ ਮਿੱਟੀ ਦੀ ਸਿਹਤ ਬਰਕਰਾਰ ਰਹਿੰਦੀ ਹੈ।
ਖੇਤੀਬਾੜੀ ਵਿਸਥਾਰ ਅਫ਼ਸਰ ਰਣਬੀਰ ਸਿੰਘ ਵੱਲੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਸੀਡਰ, ਹੈਪੀ ਸੀਡਰ, ਸਮਾਰਟ ਸੀਡਰ, ਪੈਡੀ ਸਟਰਾਅ ਚੌਪਰ/ਸ਼੍ਰੈਡਰ, ਮਲਚਰ ਅਤੇ ਹੋਰ ਉਪਲਬਧ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ। ਜਿੱਥੇ ਸੰਭਵ ਹੋਵੇ, ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਮਿੱਟੀ ਦੀ ਸਿਹਤ ਸੁਧਾਰਨ ਅਤੇ ਜੈਵਿਕ ਪਦਾਰਥ ਦੀ ਮਾਤਰਾ ਵਧਾਉਣ ਲਈ ਵਰਤਿਆ ਜਾਵੇ। ਇਸ ਤੋ ਇਲਾਵਾ ਬੇਲਰ ਨਾਲ ਪਰਾਲੀ ਨੂੰ ਖੇਤ ਤੋ ਬਾਹਰ ਵੀ ਚੁਕਾਇਆ ਜਾ ਸਕਦਾ ਹੈ।

ਕੈਂਪ ਦੌਰਾਨ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਸਵਾਲ ਵੀ ਸਾਂਝੇ ਕੀਤੇ ਗਏ, ਜਿਨ੍ਹਾਂ ਦੇ ਖੇਤੀਬਾੜੀ ਮਾਹਿਰਾਂ ਵੱਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ।

ਇਸ ਮੌਕੇ ਪ੍ਰਧਾਨ ਸ੍ਰੀ ਪ੍ਰਦੀਪ ਸਿੰਘ, ਸੈਕਟਰੀ  ਸਹਿਕਾਰੀ ਸਭਾ ਖੇੜਾ ਦੋਨਾਂ ਸੁਖਜਿੰਦਰ ਸਿੰਘ , ਨੰਬਰਦਾਰ ਹੁਸੈਨਪੁਰ  ਤਰੁਣ ਕਾਲੀਆ, ਸੈਕਟਰੀ ਭਾਨੋਲੰਗਾ ਬਲਵਿੰਦਰ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *