ਦਾਤਰ ਦੀ ਨੋਕ ’ਤੇ Mobile ਖੋਹਣ ਆਏ ਲੁੱਟੇਰਿਆਂ ਨਾਲ ਭਿੜ ਗਈਆਂ ਦੋ ਔਰਤਾਂ, ਹਿੰਮਤ ਦਿਖਾ ਕੇ ਬਚਾਇਆ ਮੋਬਾਈਲ

ਨਡਾਲਾ(ਕਪੂਰਥਲਾ): ਇਬਰਾਹਿਮਵਾਲ ਤੋਂ ਬਾਮੂਵਾਲ ਨੂੰ ਸਕੂਟਰੀ ’ਤੇ ਜਾ ਰਹੀਆਂ ਦੋ ਔਰਤਾਂ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਦਾਤਰ ਦੀ ਨੋਕ ’ਤੇ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤਾਂ ਵੱਲੋਂ ਹਿੰਮਤ ਦਿਖਾਉਂਦਿਆਂ ਰੌਲਾ ਪਾਉਣ ਅਤੇ ਮੋਬਾਈਲ ਫੋਨ ਨਾ ਛੱਡਣ ਕਾਰਨ ਕਥਿਤ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ ਅਤੇ ਮੌਕੇ ਤੋਂ ਫਰਾਰ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਮੂਵਾਲ ਵਾਸੀ ਬਲਜਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਬੁੱਧਵਾਰ ਸ਼ਾਮ ਕਰੀਬ 7:30 ਵਜੇ ਆਪਣੀ ਸਹੇਲੀ ਪਿੰਕੀ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਇਬਰਾਹਿਮਵਾਲ ਤੋਂ ਬਾਮੂਵਾਲ ਵੱਲ ਆ ਰਹੀਆਂ ਸਨ। ਉਹ ਸਕੂਟਰੀ ਦੇ ਪਿੱਛੇ ਬੈਠੀ ਹੋਈ ਸੀ, ਜਦਕਿ ਪਿੰਕੀ ਸਕੂਟਰੀ ਚਲਾ ਰਹੀ ਸੀ।

ਬਲਜਿੰਦਰ ਕੌਰ ਅਨੁਸਾਰ ਜਦੋਂ ਉਹ ਨਾਈਆਂ ਵਾਲੇ ਰੋਡ ਨੇੜੇ ਪਹੁੰਚੀਆਂ ਤਾਂ ਨਡਾਲਾ ਵੱਲੋਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਨ੍ਹਾਂ ਦੇ ਨੇੜੇ ਆ ਗਏ। ਦੋਵਾਂ ਕੋਲ ਕਥਿਤ ਤੌਰ ’ਤੇ ਦਾਤਰ ਸਨ। ਇੱਕ ਨੌਜਵਾਨ ਮੋਟਰਸਾਈਕਲ ’ਤੇ ਬੈਠਾ ਰਿਹਾ, ਜਦਕਿ ਦੂਜਾ ਹੇਠਾਂ ਉਤਰ ਕੇ ਉਨ੍ਹਾਂ ਨਾਲ ਲੁੱਟ-ਖੋਹ ਕਰਨ ਲੱਗ ਪਿਆ।

ਉਨ੍ਹਾਂ ਦੱਸਿਆ ਕਿ ਨੌਜਵਾਨ ਨੇ ਦਾਤਰ ਨਾਲ ਹਮਲਾ ਕਰਕੇ ਸਕੂਟਰੀ ਸਵਾਰ ਔਰਤਾਂ ਨੂੰ ਹੇਠਾਂ ਸੁੱਟ ਦਿੱਤਾ ਅਤੇ ਉਸ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਬਲਜਿੰਦਰ ਕੌਰ ਨੇ ਹਿੰਮਤ ਦਿਖਾਉਂਦਿਆਂ ਮੋਬਾਈਲ ਨਹੀਂ ਛੱਡਿਆ। ਇਸ ਦੌਰਾਨ ਕਥਿਤ ਲੁਟੇਰੇ ਨੇ ਦਾਤਰ ਨਾਲ ਉਸ ’ਤੇ ਵਾਰ ਕੀਤਾ, ਜਿਸ ਕਾਰਨ ਉਸ ਨੂੰ ਸੱਟਾਂ ਲੱਗੀਆਂ।

ਬਲਜਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਸ ਨੇ ਰੌਲਾ ਪਾਇਆ ਤਾਂ ਮੋਟਰਸਾਈਕਲ ’ਤੇ ਬੈਠੇ ਦੂਜੇ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੇ ਸਾਥੀ ਨੂੰ ਕਿਹਾ ਕਿ ਜੇਕਰ ਫੋਨ ਨਹੀਂ ਦਿੰਦੀ ਤਾਂ ਉਸ ਦੇ ਸਿਰ ਵਿੱਚ ਦਾਤਰ ਮਾਰ ਦੇ। ਔਰਤਾਂ ਵੱਲੋਂ ਰੌਲਾ ਪਾਉਣ ਅਤੇ ਲੋਕਾਂ ਦੇ ਇਕੱਠੇ ਹੋਣ ਦੇ ਡਰ ਕਾਰਨ ਦੋਵੇਂ ਨੌਜਵਾਨ ਮੋਟਰਸਾਈਕਲ ਸਮੇਤ ਲੱਖਣ ਕੇ ਪੱਡੇ ਵੱਲ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਸਕੂਟਰੀ ਚਲਾ ਰਹੀ ਪਿੰਕੀ ਦੇ ਡਿੱਗਣ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ ਹਨ, ਜਦਕਿ ਉਸ ਦੇ ਵੀ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਨਡਾਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *