
-ਮ੍ਰਿਤਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਪੁਲਿਸ ਮੁਲਾਜ਼ਮਾਂ ਦੀ ਗਿਰਫਤਾਰੀ ਲਈ ਕਰ ਰਹੀ ਛਾਪੇਮਾਰੀ
ਕਪੂਰਥਲਾ। ਜ਼ਿਲ੍ਹਾ ਕਪੂਰਥਲਾ ਦੇ ਥਾਣਾ ਭੁਲੱਥ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਟਾਈਲ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਇੱਕ ਮਜ਼ਦੂਰ ਦੀ ਮੌਤ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਕਈ ਵਿਅਕਤੀਆਂ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ, ਸ਼ਿਕਾਇਤਕਰਤਾ ਭੁੱਲਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਚਾਣਚੱਕ, ਥਾਣਾ ਭੁਲੱਥ, ਜ਼ਿਲ੍ਹਾ ਕਪੂਰਥਲਾ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਉਸ ਦੀ ਟਾਈਲ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਉੱਤੇ ਤੇਜ਼ਧਾਰ ਦਾਤਰ ਨਾਲ ਹਮਲਾ ਕਰਕੇ ਸੱਟਾਂ ਮਾਰੀਆਂ।
ਇਸ ਦੌਰਾਨ ਰਜਨੀਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਇਮਲੀਆ, ਥਾਣਾ ਪੋਵਾਇਆ, ਜ਼ਿਲ੍ਹਾ ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼, ਜੋ ਮੌਜੂਦਾ ਸਮੇਂ ਪਿੰਡ ਬਜਾਜ ਸਥਿਤ ਗੁਰੂ ਕ੍ਰਿਪਾ ਟਾਈਲ ਫੈਕਟਰੀ ਵਿੱਚ ਰਹਿ ਰਿਹਾ ਸੀ, ਦੇ ਸਿਰ ਉੱਤੇ ਵੀ ਦਾਤਰ ਨਾਲ ਵਾਰ ਕੀਤਾ ਗਿਆ। ਇਸ ਹਮਲੇ ਵਿੱਚ ਉਸ ਦਾ ਸਿਰ ਫਟ ਗਿਆ ਅਤੇ ਉਸ ਦੀ ਮੌਤ ਹੋ ਗਈ।

-ਇਨ੍ਹਾਂ ਮੁਲਜਮਾਂ ਖ਼ਿਲਾਫ਼ ਮੁਕੱਦਮਾ ਦਰਜ-
ਪੁਲਿਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਵਿੱਚ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਜਾਜ, ਗੌਰਵ ਉਰਫ਼ ਮੋਟਾ ਉਰਫ਼ ਸੰਨੀ ਪੁੱਤਰ ਭਜਨ ਸਿੰਘ ਵਾਸੀ ਬਾਗੜੀਆਂ, ਅਰਮਾਨ ਉਰਫ਼ ਡੱਡੂ ਪੁੱਤਰ ਨਿੰਮਾ ਵਾਸੀ ਬਾਗੜੀਆਂ, ਪਾਹਵਾ ਪੁੱਤਰ ਦੀਸ਼ਾ ਵਾਸੀ ਬਜਾਜ, ਨਵਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬਜਾਜ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਸਬੰਧੀ ਪੁਲਿਸ ਦੀ ਅਗਲੀ ਜਾਂਚ ਅਤੇ ਕਾਰਵਾਈ ਬਾਰੇ ਵੇਰਵੇ ਅਜੇ ਸਾਹਮਣੇ ਆਉਣੇ ਬਾਕੀ ਹਨ।

