
-ਫਾਜ਼ਿਲਕਾ ਸਥਿਤ BSF ਕੈਂਪ ਦੀ ਸਰਕਾਰੀ ਰਿਹਾਇਸ਼ੀ ਕਾਲੋਨੀ ਵਿੱਚ ਵਾਪਰੀ ਘਟਨਾ, 12 ਸਾਲਾ ਧੀ ਨੇ ਦੇਖੀਆਂ ਮਾਪਿਆਂ ਦੀਆਂ ਲਾਸ਼ਾਂ
ਫਾਜ਼ਿਲਕਾ: ਪੰਜਾਬ ਦੇ ਫਾਜ਼ਿਲਕਾ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਇੱਕ ਜਵਾਨ ਵੱਲੋਂ ਆਪਣੀ ਪਤਨੀ ਦੀ ਕਥਿਤ ਤੌਰ ’ਤੇ ਗਲਾ ਵੱਢ ਕੇ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ, ਜਦੋਂ ਉਨ੍ਹਾਂ ਦੀ 12 ਸਾਲਾ ਧੀ ਨੇ ਆਪਣੇ ਮਾਤਾ-ਪਿਤਾ ਦੀਆਂ ਲਾਸ਼ਾਂ ਦੇਖੀਆਂ। ਇਸ ਤੋਂ ਬਾਅਦ ਬੱਚੀ ਨੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਮਖਨਪੁਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸ਼ਾਂਤੀ ਦਾ ਰਹਿਣ ਵਾਲਾ ਦਿਨੇਸ਼ ਕੁਮਾਰ ਬਘੇਲ (38) ਬੀਐੱਸਐੱਫ ਦੀ 38ਵੀਂ ਬਟਾਲੀਅਨ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ। ਉਹ ਆਪਣੀ ਪਤਨੀ ਪਿੰਕੀ (36), ਧੀ ਅਨੁਸ਼ਕਾ (12) ਅਤੇ ਪੁੱਤਰ ਜਯਾਦਿੱਤਿਆ (7) ਨਾਲ ਫਾਜ਼ਿਲਕਾ ਸਥਿਤ ਬੀਐੱਸਐੱਫ ਕੈਂਪ ਦੀ ਸਰਕਾਰੀ ਰਿਹਾਇਸ਼ੀ ਕਾਲੋਨੀ ਵਿੱਚ ਰਹਿ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਰਾਤ ਦੀ ਡਿਊਟੀ ਤੋਂ ਵਾਪਸ ਆਉਣ ਤੋਂ ਬਾਅਦ ਦਿਨੇਸ਼ ਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਖ਼ੁਦ ਨੂੰ ਗੋਲੀ ਮਾਰ ਲਈ। ਜਦੋਂ ਧੀ ਨੇ ਦੋਵਾਂ ਦੀਆਂ ਲਾਸ਼ਾਂ ਦੇਖੀਆਂ ਤਾਂ ਉਸ ਨੇ ਰੌਲਾ ਪਾ ਦਿੱਤਾ। ਗੁਆਂਢੀਆਂ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਬੀਐੱਸਐੱਫ ਅਤੇ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ।
ਜਾਣਕਾਰੀ ਅਨੁਸਾਰ, ਦਿਨੇਸ਼ ਕਰੀਬ ਛੇ ਮਹੀਨੇ ਪਹਿਲਾਂ ਆਪਣੀ ਪਤਨੀ ਅਤੇ ਦੋਵਾਂ ਬੱਚਿਆਂ ਨੂੰ ਆਪਣੇ ਨਾਲ ਫਾਜ਼ਿਲਕਾ ਲੈ ਕੇ ਆਇਆ ਸੀ। ਉਸ ਦੀ ਪਤਨੀ ਪਿੰਕੀ ਪਿੰਡ ਸ਼ਾਂਤੀ ਦੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਵਜੋਂ ਕੰਮ ਕਰਦੀ ਸੀ। ਦਿਨੇਸ਼ ਪੰਜ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।

ਫਿਲਹਾਲ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

