ਪਾਕਿਸਤਾਨ ਨੂੰ ਫ਼ੌਜ ਦੀਆਂ ਗੁਪਤ ਜਾਣਕਾਰੀਆਂ ਭੇਜਣ ਦੇ ਦੋਸ਼ ਹੇਠ ਫ਼ਰੀਦਕੋਟ ਦੀ ਮਹਿਲਾ ਗ੍ਰਿਫ਼ਤਾਰ, ਦੋ ਫ਼ੌਜੀ ਕਰਮਚਾਰੀ ਵੀ ਨਾਮਜ਼ਦ

-ਫ਼ਿਰੋਜ਼ਪੁਰ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਦੀ ਕਾਰਵਾਈ, ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਤੱਕ ਜਾਣਕਾਰੀਆਂ ਪਹੁੰਚਾਉਣ ਦੇ ਲੱਗੇ ਦੋਸ਼

ਫ਼ਰੀਦਕੋਟ/ਫ਼ਿਰੋਜ਼ਪੁਰ: ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵੱਲੋਂ ਭਾਰਤੀ ਫ਼ੌਜ ਨਾਲ ਸਬੰਧਤ ਗੁਪਤ ਜਾਣਕਾਰੀਆਂ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਤੱਕ ਪਹੁੰਚਾਉਣ ਦੇ ਦੋਸ਼ ਹੇਠ ਫ਼ਰੀਦਕੋਟ ਦੀ ਰਹਿਣ ਵਾਲੀ ਗੁਰਨੂਰ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਦੋ ਫ਼ੌਜੀ ਕਰਮਚਾਰੀਆਂ, ਦਿਲਪ੍ਰੀਤ ਸਿੰਘ ਅਤੇ ਰਾਜਬੀਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਪੁਲਿਸ ਅਨੁਸਾਰ, ਇਸ ਮਾਮਲੇ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ), ਫ਼ਾਜ਼ਿਲਕਾ ਵਿਖੇ ਤਿੰਨਾਂ ਮੁਲਜ਼ਮਾਂ ਵਿਰੁੱਧ ਆਫ਼ੀਸ਼ੀਅਲ ਸੀਕ੍ਰੇਟਸ ਐਕਟ, 1923 ਦੀਆਂ ਧਾਰਾਵਾਂ 3 ਅਤੇ 4 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਨੂੰ 8 ਅਕਤੂਬਰ ਨੂੰ ਫ਼ਿਰੋਜ਼ਪੁਰ ਇਲਾਕੇ ਵਿੱਚ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਕਥਿਤ ਤੌਰ ’ਤੇ ਕੁਝ ਵਿਅਕਤੀ ਆਪਸ ਵਿੱਚ ਮਿਲ ਕੇ ਪਾਕਿਸਤਾਨੀ ਏਜੰਸੀਆਂ ਨੂੰ ਭਾਰਤੀ ਫ਼ੌਜ ਦੇ ਸੈਨਿਕ ਖੇਤਰਾਂ ਅਤੇ ਛਾਉਣੀਆਂ ਨਾਲ ਸਬੰਧਤ ਗੁਪਤ ਜਾਣਕਾਰੀਆਂ ਭੇਜ ਰਹੇ ਹਨ।

ਦੋਸ਼ਾਂ ਅਨੁਸਾਰ, ਦੋਵੇਂ ਫ਼ੌਜੀ ਕਰਮਚਾਰੀ ਜਾਣਕਾਰੀਆਂ ਇਕੱਠੀਆਂ ਕਰਦੇ ਸਨ, ਜਦਕਿ ਗੁਰਨੂਰ ਸਿੱਧੂ ਮੋਬਾਈਲ ਫ਼ੋਨ, ਟੈਬ ਅਤੇ ਇੰਟਰਨੈੱਟ ਦੀ ਮਦਦ ਨਾਲ ਇਹ ਜਾਣਕਾਰੀਆਂ ਪਾਕਿਸਤਾਨ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਦੀ ਸੀ।
ਪੁਲਿਸ ਨੇ ਗੁਰਨੂਰ ਸਿੱਧੂ ਨੂੰ ਫ਼ਿਰੋਜ਼ਪੁਰ ਵਿੱਚ ਹੁਸੈਨੀਵਾਲਾ ਬਾਰਡਰ ਰੋਡ ’ਤੇ ਇੱਕ ਨਿਰਮਾਣ ਅਧੀਨ ਪੁਲ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ। ਫਿਲਹਾਲ ਉਸ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥਾਂ ਦਾ ਪਤਾ ਲਗਾਇਆ ਜਾ ਸਕੇ।

ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਸਲ ਵਿੱਚ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਵੱਲੋਂ ਕਥਿਤ ਤੌਰ ’ਤੇ ਫ਼ਰੀਦਕੋਟ ਦੀ ਵਸਨੀਕ ਹੋਣ ਸਬੰਧੀ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਗਏ ਸਨ।
ਸੁਰੱਖਿਆ ਏਜੰਸੀਆਂ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਫ਼ਰੀਦਕੋਟ ਦੀ ਫ਼ੌਜੀ ਛਾਉਣੀ ਜਾਂ ਹੋਰ ਸੰਵੇਦਨਸ਼ੀਲ ਸੈਨਿਕ ਠਿਕਾਣਿਆਂ ਨਾਲ ਸਬੰਧਤ ਜਾਣਕਾਰੀਆਂ ਵੀ ਪਾਕਿਸਤਾਨ ਤੱਕ ਤਾਂ ਨਹੀਂ ਪਹੁੰਚਾਈਆਂ ਗਈਆਂ।

ਜਾਂਚ ਏਜੰਸੀਆਂ ਵੱਲੋਂ ਮਾਮਲੇ ਦੇ ਹੋਰ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਮੁਲਜ਼ਮਾਂ ਵਿਰੁੱਧ ਲੱਗੇ ਦੋਸ਼ਾਂ ਦੀ ਪੁਸ਼ਟੀ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੀ ਹੋਵੇਗੀ।

Leave a Reply

Your email address will not be published. Required fields are marked *