ਨਡਾਲਾ ’ਚ ਡੇਅਰੀ ਦੇ ਬਾਹਰੋਂ ਦਹੀਂ ਦੀ ਪੇਟੀ ਚੋਰੀ ਕਰਦਾ ਵਿਅਕਤੀ ਕਾਬੂ, ਪੁਲਿਸ ਹਵਾਲੇ ਕੀਤਾ

ਦੁਕਾਨਦਾਰ ਅਰਸ਼ਦੀਪ ਸਿੰਘ ਸੋਢੀ ਜਾਣਕਾਰੀ ਦਿੰਦੇ ਹੋਏ।

-ਸੀਸੀਟੀਵੀ ਫੁਟੇਜ ’ਚ ਸਾਹਮਣੇ ਆਈ ਚੋਰੀ ਦੀ ਘਟਨਾ, ਪੁੱਛਗਿੱਛ ਦੌਰਾਨ ਇੱਕ ਹਫ਼ਤੇ ਤੋਂ ਦਹੀਂ ਦੀਆਂ ਪੇਟੀਆਂ ਚੋਰੀ ਕਰਨ ਦੀ ਗੱਲ ਕਬੂਲਣ ਦਾ ਦਾਅਵਾ

ਨਡਾਲਾ (ਕਪੂਰਥਲਾ): ਨਡਾਲਾ-ਬੇਗੋਵਾਲ ਰੋਡ ’ਤੇ ਸਥਿਤ ਜਗਮੋਹਨ ਡੇਅਰੀ ਦੇ ਬਾਹਰੋਂ ਸਵੇਰੇ ਤੜਕਸਾਰ ਦਹੀਂ ਦੀ ਪੇਟੀ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਦੁਕਾਨਦਾਰਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਅਰੀ ਸੰਚਾਲਕ ਅਰਸ਼ਦੀਪ ਸਿੰਘ ਸੋਢੀ ਨੇ ਦੱਸਿਆ ਕਿ ਦੁਕਾਨ ਖੁੱਲ੍ਹਣ ਤੋਂ ਪਹਿਲਾਂ ਸਪਲਾਈ ਕਰਨ ਵਾਲਾ ਵਿਅਕਤੀ ਦੁੱਧ, ਦਹੀਂ ਅਤੇ ਹੋਰ ਸਾਮਾਨ ਦੁਕਾਨ ਦੇ ਬਾਹਰ ਰੱਖ ਕੇ ਚਲਾ ਜਾਂਦਾ ਹੈ। ਪਿਛਲੇ ਕਰੀਬ ਇੱਕ ਹਫ਼ਤੇ ਤੋਂ ਉਨ੍ਹਾਂ ਦੀ ਡੇਅਰੀ ਤੋਂ ਦਹੀਂ ਦੀਆਂ ਪੇਟੀਆਂ ਲਗਾਤਾਰ ਚੋਰੀ ਹੋ ਰਹੀਆਂ ਸਨ।

ਚੋਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦਿਆਂ ਉਨ੍ਹਾਂ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਜਿਸ ਵਿੱਚ ਇੱਕ ਵਿਅਕਤੀ ਦਹੀਂ ਦੀ ਪੇਟੀ ਚੋਰੀ ਕਰਦਾ ਦਿਖਾਈ ਦਿੱਤਾ।

ਅਰਸ਼ਦੀਪ ਸਿੰਘ ਸੋਢੀ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਪਿੰਡ ਪਸੀਏਵਾਲ ਤੋਂ ਸਿੱਧਾ ਦੁਕਾਨ ’ਤੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਸ਼ੱਕੀ ਵਿਅਕਤੀ ਨਡਾਲਾ ਬੱਸ ਸਟੈਂਡ ’ਤੇ ਬੱਸ ਵਿੱਚ ਬੈਠਣ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਦਹੀਂ ਦੀ ਪੇਟੀ ਵੀ ਬਰਾਮਦ ਕਰ ਲਈ।

-ਪੁੱਛਗਿੱਛ ਦੌਰਾਨ ਇੱਕ ਹਫ਼ਤੇ ਤੋਂ ਚੋਰੀ ਕਰਨ ਦਾ ਦਾਅਵਾ-

ਦੁਕਾਨਦਾਰ ਅਨੁਸਾਰ, ਪੁੱਛਗਿੱਛ ਦੌਰਾਨ ਵਿਅਕਤੀ ਨੇ ਕਥਿਤ ਤੌਰ ’ਤੇ ਪਿਛਲੇ ਇੱਕ ਹਫ਼ਤੇ ਤੋਂ ਦਹੀਂ ਦੀਆਂ ਪੇਟੀਆਂ ਚੋਰੀ ਕਰਨ ਅਤੇ ਉਨ੍ਹਾਂ ਨੂੰ ਪਿੰਡ ਬੂਟਾਂ ਵਿੱਚ 300 ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਵੇਚਣ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡੇਅਰੀ ’ਤੇ ਦਹੀਂ ਦੀ ਇੱਕ ਪੇਟੀ 280 ਰੁਪਏ ਵਿੱਚ ਵੇਚੀ ਜਾਂਦੀ ਹੈ।

ਇਸ ਤੋਂ ਬਾਅਦ ਦੁਕਾਨਦਾਰਾਂ ਨੇ ਫੜੇ ਗਏ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

-ਪਹਿਲਾਂ ਵੀ ਚੋਰੀ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ ਵਿਅਕਤੀ-

ਦੁਕਾਨਦਾਰ ਦੇ ਦਾਅਵੇ ਅਨੁਸਾਰ, ਫੜਿਆ ਗਿਆ ਵਿਅਕਤੀ ਪਹਿਲਾਂ ਵੀ ਚੋਰੀ ਦੇ ਇੱਕ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਕਰੀਬ ਤਿੰਨ ਮਹੀਨੇ ਪਹਿਲਾਂ ਨਡਾਲਾ ਵਿੱਚ ਇੱਕੋ ਰਾਤ ਸੰੰਜੂ ਮੀਟ ਚਿਕਨ ਅਤੇ ਰਾਕੇਸ਼ ਕੰਪਿਊਟਰ ਕੈਫੇ ਵਿੱਚ ਹੋਈਆਂ ਚੋਰੀਆਂ ਵਿੱਚ ਵੀ ਉਸ ਦੀ ਸ਼ਮੂਲੀਅਤ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਰ ਚੋਰੀ ਦੀਆਂ ਘਟਨਾਵਾਂ ਵਿੱਚ ਉਸ ਦੀ ਕਥਿਤ ਭੂਮਿਕਾ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।

Leave a Reply

Your email address will not be published. Required fields are marked *