ਪਿੰਡ ਲਿਟਾਂ ਤੇ ਪੰਡੋਰੀ ਰਾਜਪੂਤਾਂ ਵਿੱਚ ਇੱਕੋ ਰਾਤ ਤਿੰਨ ਵਾਰਦਾਤਾਂ, ਲੋਕਾਂ ਵਿੱਚ ਦਹਿਸ਼ਤ

-ਹਵੇਲੀਆਂ ਵਿੱਚ ਸੁੱਤੇ ਵਰਕਰਾਂ ਦੇ ਮੋਬਾਇਲ ਤੇ ਬਟੂਏ ਚੋਰੀ, ਬਰੇਜਾ ਦਾ ਸ਼ੀਸ਼ਾ ਤੋੜ ਕੇ 6 ਹਜ਼ਾਰ ਰੁਪਏ ਲੈ ਕੇ ਫਰਾਰ

-ਬਿਨਾਂ ਨੰਬਰ ਪਲੇਟੀਨਾ ’ਤੇ ਘੁੰਮਦਾ ਸ਼ੱਕੀ ਵਿਅਕਤੀ CCTV ਵਿੱਚ ਕੈਦ

ਭੁਲੱਥ (ਕਪੂਰਥਲਾ)। ਨਜ਼ਦੀਕੀ ਪਿੰਡ ਲਿਟਾਂ ਅਤੇ ਪੰਡੋਰੀ ਰਾਜਪੂਤਾਂ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਤਿੰਨ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾਣ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਚੋਰਾਂ ਵੱਲੋਂ ਹਵੇਲੀਆਂ ਵਿੱਚ ਦਾਖਲ ਹੋ ਕੇ ਸੁੱਤੇ ਹੋਏ ਵਰਕਰਾਂ ਦੇ ਮੋਬਾਇਲ ਫੋਨ ਅਤੇ ਬਟੂਏ ਚੋਰੀ ਕਰਨ ਦੇ ਨਾਲ-ਨਾਲ ਕਾਰਾਂ ਦੀ ਫੋਲਾ-ਫਰਾਲੀ ਕੀਤੀ ਗਈ। ਇੱਕ ਹੋਰ ਘਟਨਾ ਵਿੱਚ ਘਰ ਦੇ ਬਾਹਰ ਖੜ੍ਹੀ ਬਰੇਜਾ ਗੱਡੀ ਦਾ ਸ਼ੀਸ਼ਾ ਤੋੜ ਕੇ ਕਰੀਬ 6 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।

ਪਿੰਡ ਲਿਟਾਂ ਵਾਸੀ ਜਤਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਟੇ ਦੀ ਚੱਕੀ ਹੈ ਅਤੇ ਚੱਕੀ ਦੇ ਪਿਛਲੇ ਪਾਸੇ ਬਣੀ ਹਵੇਲੀ ਵਿੱਚ ਉਨ੍ਹਾਂ ਦੇ ਦੋ ਵਰਕਰ ਸੁੱਤੇ ਹੋਏ ਸਨ। ਇਸ ਦੌਰਾਨ ਅਣਪਛਾਤੇ ਵਿਅਕਤੀ ਹਵੇਲੀ ਵਿੱਚ ਦਾਖਲ ਹੋਏ ਅਤੇ ਇੱਕ ਵਰਕਰ ਦਾ ਬਟੂਆ ਅਤੇ ਮੋਬਾਇਲ ਫੋਨ ਚੋਰੀ ਕਰਕੇ ਫਰਾਰ ਹੋ ਗਏ।

ਇਸੇ ਤਰ੍ਹਾਂ ਦੂਜੀ ਵਾਰਦਾਤ ਪਿੰਡ ਪੰਡੋਰੀ ਰਾਜਪੂਤਾਂ ਵਿੱਚ ਵਾਪਰੀ। ਕਮਲਜੀਤ ਸਿੰਘ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਵਿੱਚ ਵੀ ਦੋ ਵਰਕਰ ਸੁੱਤੇ ਹੋਏ ਸਨ। ਅਣਪਛਾਤੇ ਵਿਅਕਤੀ ਬਾਹਰ ਦਾ ਦਰਵਾਜ਼ਾ ਟੱਪ ਕੇ ਹਵੇਲੀ ਵਿੱਚ ਦਾਖਲ ਹੋਏ ਅਤੇ ਉੱਥੇ ਖੜ੍ਹੀ ਡਿਜ਼ਾਇਰ ਕਾਰ ਦੀ ਫੋਲਾ-ਫਰਾਲੀ ਕੀਤੀ। ਇਸ ਦੌਰਾਨ ਕੋਲ ਸੁੱਤੇ ਇੱਕ ਵਰਕਰ ਦਾ ਮੋਬਾਇਲ ਫੋਨ ਵੀ ਚੋਰੀ ਕਰ ਲਿਆ ਗਿਆ।

ਤੀਜੀ ਵਾਰਦਾਤ ਵਿੱਚ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ਦੇ ਬਾਹਰ ਖੜ੍ਹੀ ਬਰੇਜਾ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਗੱਡੀ ਵਿੱਚੋਂ ਕਰੀਬ 6 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।

CCTV ਵਿੱਚ ਬਿਨਾਂ ਨੰਬਰ ਪਲੇਟੀਨਾ ’ਤੇ ਸ਼ੱਕੀ ਵਿਅਕਤੀ ਕੈਦ

ਇਨ੍ਹਾਂ ਵਾਰਦਾਤਾਂ ਸਬੰਧੀ CCTV ਕੈਮਰਿਆਂ ਦੀ ਫੁਟੇਜ ਵੀ ਸਾਹਮਣੇ ਆਈ ਹੈ। ਫੁਟੇਜ ਵਿੱਚ ਇੱਕ ਸ਼ੱਕੀ ਵਿਅਕਤੀ ਬਿਨਾਂ ਨੰਬਰ ਵਾਲੇ ਪਲੇਟੀਨਾ ਮੋਟਰਸਾਈਕਲ ’ਤੇ ਘੁੰਮਦਾ ਦਿਖਾਈ ਦੇ ਰਿਹਾ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ CCTV ਫੁਟੇਜ ਦੇ ਆਧਾਰ ’ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਕਾਬੂ ਕੀਤਾ ਜਾਵੇ।

SHO ਭੁਲੱਥ ਨੇ ਮੌਕੇ ’ਤੇ ਪਹੁੰਚ ਕੇ ਕੀਤੀ ਜਾਂਚ

ਵਾਰਦਾਤਾਂ ਦੀ ਸੂਚਨਾ ਮਿਲਣ ’ਤੇ SHO ਭੁਲੱਥ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾਵਾਂ ਦੀ ਜਾਂਚ ਕੀਤੀ। ਪੁਲਿਸ ਵੱਲੋਂ CCTV ਫੁਟੇਜ ਸਮੇਤ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। SHO ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਵਾਰਦਾਤਾਂ ਵਿੱਚ ਸ਼ਾਮਲ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਪਹਿਲਾਂ ਵੀ ਤਿੰਨ ਕਾਰਾਂ ਦੇ ਸ਼ੀਸ਼ੇ ਤੋੜੇ ਗਏ ਸਨ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭੁਲੱਥ ਵਿੱਚ ਵੀ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ, ਜਿੱਥੇ ਤਿੰਨ ਕਾਰਾਂ ਦੇ ਸ਼ੀਸ਼ੇ ਤੋੜੇ ਗਏ ਸਨ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਅਤੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ’ਤੇ ਨਕੇਲ ਕੱਸਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *